ਸਾਦਿਕ:
ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਪਿੰਡ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਇਹ ਨੁਕਸਾਨ ਹੁਣ ਫਸਲਾਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਘਰਾਂ ਦਾ ਨੁਕਸਾਨ ਵੀ ਕਰ ਰਿਹਾ ਹੈ।ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਮੀਂਹ ਨਾਲ ਕਰੀਬ 16 ਘਰਾਂ ਦਾ ਨੁਕਸਾਨ ਹੋ ਗਿਆ ਹੈ ਤੇ ਕਰੀਬ 8 ਘਰਾਂ ਦੀ ਛੱਤਾਂ ਡਿੱਗ ਪਈਆਂ, ਕੰਧਾਂ ਢਹਿ ਗਈਆਂ ਤੇ 8 ਘਰਾਂ ਤੋਂ ਵੱਧ ਲੋਕਾਂ ਦੇ ਘਰਾਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ ਹਨ ਤੇ ਉਹ ਵੀ ਕਿਸੇ ਸਮੇਂ ਵੀ ਡਿੱਗ ਸਕਦੇ ਹਨ।ਪਿੰਡ ਦੇ ਸਰਪੰਚ ਜੈਦੀਪ ਸਿੰਘ ਬਰਾੜ ਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਬਰਾੜ ਨੇ ਦੱਸਿਆ ਕਿ ਸਤਪਾਲ ਸਿੰਘ ਪੁੱਤਰ ਜੈਮਲ ਸਿੰਘ, ਯਕੂਬ ਸਿੰਘ ਪੁੱਤਰ ਨਿਰਮਲ ਸਿੰਘ, ਅਮ੍ਰਿਤਪਾਲ ਸਿੰਘ ਪੁੱਤਰ ਜੈਮਲ ਸਿੰਘ, ਲਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਭੋਲਾ ਸਿੰਘ ਪੁੱਤਰ ਮੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਸਮੇਤ ਧਰਮਸ਼ਾਲਾ ਅਨੇਕਾਂ ਗਰੀਬ ਪਰਿਵਾਰਾਂ ਦੇ ਕੋਠੇ ਦੀਆਂ ਛੱਤਾਂ ਡਿੱਗ ਪਈਆਂ ਹਨ। ਦਿਨ ਸਮੇਂ ਕੋਠੇ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਈ ਘਰਾਂ ਦਾ ਸਮਾਨ ਹੇਠਾਂ ਆਉਣ ਨਾਲ ਨੁਕਸਾਨ ਹੋ ਗਿਆ।ਪਤਾ ਲੱਗਣ ਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਵੀ ਮੌਕਾ ਦੇਖ ਕੇ ਗਏ ਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।ਉਨ੍ਹਾਂ ਦੱਸਿਆ ਕਿ ਮੀਂਹ ਦਾ ਪਾਣੀ ਖੇਤਾਂ ਤੋਂ ਪਿੰਡ ਦੇ ਘਰਾਂ ਦੇ ਨਾਲ ਲੱਗ ਚੁੱਕਾ ਹੈ ਤੇ ਅਗਰ ਜਲਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਹੋਰ ਵੀ ਕਈ ਘਰਾਂ ਦਾ ਨੁਕਸਾਨ ਹੋ ਸਕਦਾ ਹੈ। ਉਨਾਂ ਵਿਧਾਇਕ ਤੇ ਪ੍ਰਸਾ਼ਸ਼ਨ ਫਰੀਦਕੋਟ ਤੋਂ ਮੰਗ ਕੀਤੀ ਕਿ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਜਲਦੀ ਕੀਤੇ ਜਾਣ।ਇਸ ਮੌਕੇ ਦਵਿੰਦਰ ਸਿੰਘ ਬਰਾੜ, ਬਲਕਰਣ ਸਿੰਘ ਬਰਾੜ, ਜਗਸੀਰ ਸਿੰਘ ਬਰਾੜ ਤੇ ਪਿੰਡ ਵਾਸੀ ਹਾਜ਼ਰ ਸਨ।