, ਉਨਾਵ : 
ਪਹਿਲਾਂ ਦੋਸਤੀ ਤੇ ਫਿਰ ਡੂੰਘੀ ਨੇੜਤਾ ਤੋਂ ਬਾਅਦ ਇਕ ਮਹੀਨਾ ਪਹਿਲਾਂ ਵਿਆਹ ਦੇ ਬੰਧਨ ‘ਚ ਬੱਝੀ ਨਵਵਿਆਹੁਤਾ ਦੀ ਲਾਸ਼ ਸੋਮਵਾਰ ਤੜਕੇ ਘਰ ਦੇ ਕਮਰੇ ‘ਚ ਪੱਖੇ ਨਾਲ ਚੁੰਨੀ ਸਹਾਰੇ ਲਟਕਦੀ ਮਿਲੀ। ਪਰਿਵਾਰ ਵਾਲਿਆਂ ਨੇ ਸਹੁਰੇ ਪੱਖ ‘ਤੇ ਦਾਜ ਹੱਤਿਆ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ।ਪੁਲਿਸ ਨੇ ਪਤੀ, ਸੱਸ-ਸਹੁਰੇ ਤੇ ਦੋ ਨਨਾਣਾ ਖਿਲਾਫ ਦਾਜ ਹੱਤਿਆ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧੀ ਦੀ ਮੌਤ ਨਾਲ ਪਰਿਵਾਰ ਦਾ ਬੁਰਾ ਹਾਲ ਹੈ। ਦੂਜੇ ਪਾਸੇ ਸਹੁਰੇ ਪੱਖ ਨੇ ਖੁਦ ਫਾਹਾ ਲਗਾ ਕੇ ਜਾਨ ਦੇਣ ਦੀ ਗੱਲ ਕਹੀ ਹੈ। ਦਹੀ ਖੇਤਰ ਦੀ ਆਵਾਸ ਵਿਕਾਸ ਕਾਲੋਨੀ ਬਲਾਕ A-303 ਦੇ ਨਿਵਾਸੀ ਸੂਰਜ ਸਿੰਘ ਦਾ ਵਿਆਹ 4 ਦਸੰਬਰ 2025 ਨੂੰ ਆਵਾਸ ਵਿਕਾਸ ‘ਚ ਹੀ ਰਹਿਣ ਵਾਲੀ ਸਵੇਕਸ਼ਾ ਸਿੰਘ ਨਾਲ ਹੋਇਆ ਸੀ। ਬਿਊਟੀ ਪਾਰਲਰ ਚਲਾਉਣ ਦੌਰਾਨ ਸਵੇਕਸ਼ਾ ਦੀ ਮੁਲਾਕਾਤ ਸੂਰਜ ਨਾਲ ਹੋਈ ਸੀ। ਪ੍ਰੇਮ ਸਬੰਧਾਂ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਸੀ। ਸਵੇਕਸ਼ਾ ਦੀ ਲਾਸ਼ ਸੋਮਵਾਰ ਤੜਕੇ ਪੰਜ ਵਜੇ ਘਰ ਵਿਚ ਫਾਹੇ ਨਾਲ ਝੂਲਦੀ ਮਿਲੀ। ਲਾਸ਼ ਦੇ ਕੋਲ ਵਿਰਲਾਪ ਕਰ ਰਹੇ ਪੇਕੇ ਪੱਖ ਦੇ ਲੋਕਾਂ ਨੇ ਦੱਸਿਆ ਕਿ ਇਸ ਵਿਆਹ ਤੋਂ ਸੂਰਜ ਦੇ ਘਰ ਵਾਲੇ ਖੁਸ਼ ਨਹੀਂ ਸਨ। ਲਗਾਤਾਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਗੱਲ ਨੂੰ ਲੈ ਕੇ ਸਹੁਰਿਆਂ ਨੇ ਧੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਸੂਰਜ, ਉਸਦੀ ਮਾਂ ਮਧੂ, ਪਿਤਾ ਸ਼ਿਆਮ ਨਰੇਸ਼, ਭੈਣ ਸਵਾਤੀ ਅਤੇ ਸ਼ਰਧਾ ਖਿਲਾਫ ਦਾਜ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਦਹੀ ਥਾਣਾ ਇੰਚਾਰਜ ਗਿਆਨਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਤੜਕੇ ਤਿੰਨ ਵਜੇ ਫੈਕਟਰੀ ਤੋਂ ਘਰ ਪਹੁੰਚਿਆ ਸੀ ਪਤੀ
ਸਹੁਰੇ ਪੱਖ ਨੇ ਦੱਸਿਆ ਕਿ ਤੜਕੇ ਤਿੰਨ ਵਜੇ ਸੂਰਜ ਫੈਕਟਰੀ ਤੋਂ ਘਰ ਪਹੁੰਚਿਆ ਸੀ। ਉਸ ਸਮੇਂ ਸਵੇਕਸ਼ਾ ਸੌਂ ਰਹੀ ਸੀ। ਤੜਕੇ ਪੰਜ ਵਜੇ ਅਲਾਰਮ ਵੱਜਣ ‘ਤੇ ਜਦੋਂ ਪਤੀ ਦੀ ਅੱਖ ਖੁੱਲ੍ਹੀ ਤਾਂ ਪਤਨੀ ਬਿਸਤਰ ‘ਤੇ ਨਹੀਂ ਸੀ। ਭਾਲ ਕਰਨ ‘ਤੇ ਜਦੋਂ ਉਹ ਨਾਲ ਦੇ ਕਮਰੇ ‘ਚ ਪਹੁੰਚਿਆ ਤਾਂ ਉੱਥੇ ਪਤਨੀ ਦੀ ਲਾਸ਼ ਲਟਕਦੀ ਦੇਖ ਕੇ ਕੰਬ ਗਿਆ। ਸਹੁਰੇ ਸ਼ਿਆਮ ਨਰੇਸ਼ ਸਿੰਘ ਨੇ ਦੱਸਿਆ ਕਿ ਘਰ ਵਿਚ ਕਿਸੇ ਤਰ੍ਹਾਂ ਦਾ ਝਗੜਾ ਜਾਂ ਤਣਾਅ ਨਹੀਂ ਸੀ, ਸਭ ਕੁਝ ਆਮ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਨੂੰਹ ਨੇ ਅਜਿਹਾ ਕਦਮ ਕਿਉਂ ਚੁੱਕਿਆ।
ਵਿਆਹ ਦਾ ਇਕ ਮਹੀਨਾ ਪੂਰਾ ਹੋਣ ‘ਤੇ ਭਰਾ ਲੈ ਕੇ ਗਿਆ ਸੀ ਕੇਕ
ਦੂਜੇ ਪਾਸੇ ਮ੍ਰਿਤਕ ਸਵੇਕਸ਼ਾ ਦੇ ਭਰਾ ਹਨੀ ਨੇ ਦੱਸਿਆ ਕਿ 4 ਜਨਵਰੀ ਨੂੰ ਵਿਆਹ ਦਾ ਇਕ ਮਹੀਨਾ ਪੂਰਾ ਹੋਣ ‘ਤੇ ਉਹ ਭੈਣ ਦੇ ਘਰ ਕੇਕ ਤੇ ਚਾਕਲੇਟ ਲੈ ਕੇ ਗਿਆ ਸੀ। ਇਸ ਦੌਰਾਨ ਭੈਣ ਨੇ ਕੇਕ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਸਨੂੰ ਇਸਦੀ ਲੋੜ ਨਹੀਂ। ਉਸਨੂੰ ਨਹੀਂ ਪਤਾ ਸੀ ਕਿ ਭੈਣ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੈ। ਭੈਣ ਨੇ ਵੀ ਉਸਨੂੰ ਕੁਝ ਨਹੀਂ ਦੱਸਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਿਤਾ ਦੀ ਕੋਰੋਨਾ ਕਾਲ ਵਿੱਚ ਮੌਤ ਹੋ ਗਈ ਸੀ।

