ਨਵੀਂ ਦਿੱਲੀ : 
ਭਾਰਤ ਵਿਚ ਇਸ ਵਾਰ ਸਰਦੀ ਦੇ ਤੇਵਰ ਤਿੱਖੇ ਰਹਿਣ ਦੇ ਸੰਕੇਤ ਮਿਲ ਰਹੇ ਹਨ। ਦਸੰਬਰ ਤੋਂ ਜਨਵਰੀ ਦਰਮਿਆਨ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਹੇਠਾਂ ਜਾ ਸਕਦਾ ਹੈ। ਇਸ ਦਾ ਮੁੱਖ ਕਾਰਨ ਲਾ-ਨੀਨਾ ਜਲਵਾਯੂ ਘਟਨਾ ਨੂੰ ਮੰਨਿਆ ਜਾ ਰਿਹਾ ਹੈ ਜੋ ਪ੍ਰਸ਼ਾਂਤ ਮਹਾਸਾਗਰ ਵਿਚ ਸਮੁੰਦਰ ਦੀ ਸਤ੍ਹਾ ਦੇ ਤਾਪਮਾਨ ਵਿਚ ਕਮੀ ਨਾਲ ਬਣਦੀ ਹੈ। ਇਸ ਦੇ ਪ੍ਰਭਾਵ ਨਾਲ ਠੰਢੀਆਂ ਹਵਾਵਾਂ ਜ਼ਿਆਦਾ ਸਰਗਰਮ ਹੋ ਜਾਂਦੀਆਂ ਹਨ ਅਤੇ ਉੱਤਰੀ ਭਾਰਤ ਵਿਚ ਸੀਤ ਲਹਿਰ ਦਾ ਅਸਰ ਲੰਬਾ ਖਿੱਚਦਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦਾ ਅਨੁਮਾਨ ਹੈ ਕਿ ਦਸੰਬਰ ਵਿਚ ਰਾਤ ਦਾ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਤੱਕ ਹੇਠਾਂ ਜਾ ਸਕਦਾ ਹੈ। ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਠੰਢ ਦਾ ਅਸਰ ਸਭ ਤੋਂ ਵੱਧ ਮਹਿਸੂਸ ਹੋਵੇਗਾ। ਜੰਮੂ-ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਵਿਚ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਢੀਆਂ ਹਵਾਵਾਂ ਅਤੇ ਧੁੰਦ ਵਧੇਗੀ। ਆਈਐੱਮਡੀ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਸੰਘਣੀ ਧੁੰਦ, ਸੀਤ ਲਹਿਰ ਤੇ ਘੱਟੋ-ਘੱਟ ਤਾਪਮਾਨ ਵਿਚ ਤੇਜ਼ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਲਾ-ਨੀਨਾ ਦੀ ਸਥਿਤੀ ਨਵੰਬਰ ਤੋਂ ਜਨਵਰੀ ਤੱਕ ਬਣੀ ਰਹਿ ਸਕਦੀ ਹੈ। ਸਕਾਈਮੈਟ ਵੈਦਰ ਸਰਵਿਸ ਮੁਤਾਬਕ, ਇਹ ਲਾ-ਨੀਨਾ ਕਮਜ਼ੋਰ ਹੋਵੇਗਾ ਪਰ ਠੰਢ ਦੀ ਤੀਬਰਤਾ ’ਤੇ ਇਸ ਦਾ ਅਸਰ ਸਪੱਸ਼ਟ ਹੋਵੇਗਾ। ਲਾ-ਨੀਨਾ ਦੌਰਾਨ ਉੱਤਰੀ ਤੇ ਮੱਧ ਭਾਰਤ ਵਿਚ ਪੱਛਮੀ ਗੜਬੜੀ ਦੇ ਸਰਗਰਮ ਰਹਿਣ ਨਾਲ ਬਰਫ਼ਬਾਰੀ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਇਸ ਨਾਲ ਨਾ ਸਿਰਫ਼ ਰਾਤਾਂ ਠੰਢੀਆਂ ਹੁੰਦੀਆਂ ਹਨ ਸਗੋਂ ਸਵੇਰ ਵੇਲੇ ਧੁੰਦ ਤੇ ਨਮੀ ਵੀ ਵੱਧ ਜਾਂਦੀ ਹੈ।

