ਭਰਤੀ ਰੈਲੀ ’ਚ ਹੁਣ ਤੱਕ 6250 ਉਮੀਦਵਾਰਾਂ ਨੇ ਲਿਆ ਭਾਗ
ਜਲੰਧਰ,
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਵਿਖੇ ਚੱਲ ਰਹੀ ਇੰਡੀਅਨ ਆਰਮੀ (ਅਗਨੀਵੀਰ) ਭਰਤੀ ਰੈਲੀ ਦੇ ਅੱਜ ਚੌਥੇ ਦਿਨ ਲੈਫਟੀਨੈਂਟ ਜਨਰਲ ਮੋਹਿਤ ਵਧਵਾ, ਚੀਫ਼ ਆਫ਼ ਸਟਾਫ਼, ਹੈੱਡ ਕੁਆਰਟਰ ਵੈਸਟਰਨ ਕਮਾਂਡ ਵੱਲੋਂ ਭਰਤੀ ਰੈਲੀ ਸਥਾਨ ਦਾ ਦੌਰਾ ਕਰਕੇ ਰੈਲੀ ਦੇ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ‘ਤੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਭਰਤੀ ਰੈਲੀ ਵਿੱਚ 6250 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 2 ਹਜ਼ਾਰ ਤੋਂ ਵੱਧ ਉਮੀਦਵਾਰਾਂ ਵੱਲੋਂ ਟੈਸਟ ਪਾਸ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਰਨਲ ਵਿਪਲੋਵ, ਆਰਮੀ ਰਿਕਰੂਟਿੰਗ ਅਫ਼ਸਰ, ਜਲੰਧਰ ਕੈਂਟ, ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ ਅਤੇ ਫੌਜ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਲੋੜੀਂਦੇ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ ਅਤੇ ਰੈਲੀ ਵਿੱਚ ਹਿੱਸਾ ਲੈਣ ਆਏ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਅੱਜ ਦੀ ਰੈਲੀ ਵਿੱਚ ਉਮੀਦਵਾਰਾਂ ਨੇ 1600 ਮੀਟਰ ਦੌੜ 6 ਮਿੰਟ 15 ਸਕਿੰਟ ਵਿੱਚ ਪੂਰੀ ਕੀਤੀ। ਉਸ ਉਪਰੰਤ ਉਮੀਦਵਾਰਾਂ ਦੇ ਸਰੀਰਕ ਫਿਟਨੈਸ ਟੈਸਟ, ਚਿਨ ਅੱਪ, 9 ਫੁੱਟ ਛਾਲ, ਜ਼ਿਗਜ਼ੈਗ ਸੰਤੁਲਨ,ਸਰੀਰਕ ਮਾਪ ਟੈਸਟ ਤੋਂ ਇਲਾਵਾ ਦਸਤਾਵੇਜ਼ਾਂ ਦੀ ਤਸਦੀਕ, ਮੈਡੀਕਲ ਟੈਸਟ ਆਦਿ ਪ੍ਰਕਿਰਿਆਵਾਂ ਨੇਪਰੇ ਚਾੜ੍ਹੀਆਂ ਗਈਆਂ।