ਜਲੰਧਰ,
ਸ਼ਹਿਰ ਵਿਚ ਲੋਕਾਂ ਨੇ ਦੀਵਾਲੀ ਬੜੀ ਧੂਮਧਆਮ ਨਾਲ ਮਨਾਈ। ਇਸ ਵਾਰ ਦੀਵਾਲੀ ਨੂੰ ਲੈਕੇ ਲੋਕਾਂ ਵਿਚ ਅਸਮੰਜਸ ਰਿਹਾ। ਕਈ ਲੋਕਾਂ ਨੇ ਸੋਮਵਾਰ ਦੀਵਾਲੀ ਮਨਾਈ ਅਤੇ ਕਈਆਂ ਨੇ ਮੰਗਲਵਾਰ । ਦੀਵਾਲੀ ਦੌਰਾਨ ਪੂਰੇ ਸ਼ਹਿਰ ਵਿਚ ਰੌਣਕਾਂ ਰਹੀਆਂ। ਲੋਕਾਂ ਨੇ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕੀਤੀ ਅਤੇ ਸੁੰਦਰ ਢੰਗ ਨਾਲ ਸਜਾਇਆ। ਸ਼ਾਮ ਨੂੰ ਲੋਕਾਂ ਨੇ ਮਾਂ ਲਕਸ਼ਮੀ, ਭਗਵਾਨ ਗਣੇਸ਼ ਅਤੇ ਮਾਂ ਸਰਸਵਤੀ ਦੀ ਪੂਜਾ ਕੀਤੀ। ਪੂਜਾ ਤੋਂ ਬਾਅਦ, ਲੋਕਾਂ ਨੇ ਆਪਣੇ ਘਰਾਂ ਦੀਆਂ ਕੰਧਾਂ ਅਤੇ ਦਰਵਾਜ਼ਿਆਂ ’ਤੇ ਦੀਵੇ ਜਗਾਏ। ਇਸ ਦੌਰਾਨ, ਲੋਕਾਂ ਨੇ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਅਤੇ ਤੋਹਫ਼ੇ ਦਿੱਤੇ। ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨੰ ਵਿਚ ਮਾ ਲਕਸ਼ਮੀ ਜੀ ਦੀ ਪੂਜਾ ਕੀਤੀ ਅਤੇ ਦੁਕਾਨਾਂ ਵਿੱਚ ਦੀਵੇ ਜਗਾਏ। ਜਿੱਥੇ ਲੋਕਾਂ ਨੇ ਦੀਵਾਲੀ ਲਈ ਸਜਾਵਟੀ ਸਮਾਨ ਖਰੀਦਿਆ, ਉੱਥੇ ਹੀ ਉਨ੍ਹਾਂ ਨੇ ਪਠਾਨਕੋਟ ਚੌਕ ਸਥਿਤ ਪਟਾਕਾ ਬਾਜ਼ਾਰ ਤੋਂ ਵੱਡੀ ਮਾਤਰਾ ਵਿੱਚ ਪਟਾਕੇ ਵੀ ਖਰੀਦੇ। ਜਿਵੇਂ ਹੀ ਰਾਤ ਹੋਈ, ਲੋਕਾਂ ਨੇ ਆਪਣੇ ਘਰਾਂ ਅਤੇ ਗਲੀਆਂ ਵਿੱਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ, ਅਸਮਾਨ ਰੰਗ-ਬਿਰੰਗੀਆਂ ਹਵਾਈਆਂ ਅਤੇ ਰੰਗ-ਬਿਰੰਗੇ ਅਨਾਰਾਂ ਨਾਲ ਰੰਗੀਨ ਹੋ ਗਿਆ। ਜਿੱਥੇ ਵੱਡਿਆਂ ਨੇ ਪਟਾਕੇ ਚਲਾਏ, ਉੱਥੇ ਬੱਚਿਆਂ ਨੇ ਵੀ ਛੋਟੇ ਪਟਾਕੇ ਚਲਾਏ। ਸ਼ਹਿਰ ਭਰ ਦੇ ਮੰਦਰਾਂ ਨੂੰ ਦੀਵਾਲੀ ਮੌਕੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਮੰਦਿਰਾਂ ਵਿਚ ਸੰਕੀਰਤਨ ਦੇਰ ਰਾਤ ਤੱਕ ਜਾਰੀ ਰਿਹਾ। ਮੰਦਿਰਾਂ ਵਿਚ ਮਾਂ ਲਕਸ਼ਮੀ ,ਸ਼੍ਰੀ ਗਣੇਸ਼ ਅਤੇ ਮਾਂ ਸਰਸਵਤੀ ਜੀ ਦੀ ਪੂਜਾ ਹੋਈ।
ਪੁਲਿਸ ਚੌਕਸ ਰਹੀ, ਗਸ਼ਤ ਪਾਰਟੀਆਂ ਰਹੀਆਂ ਅਲਰਰਟ
ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਦੀਵਾਲੀ ਲਈ ਪੂਰੀ ਤਰ੍ਹਾਂ ਚੌਕਸ ਰਹੀ। ਇਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਦੇਰ ਰਾਤ ਤੱਕ ਗਸ਼ਤ ’ਤੇ ਰਹੇ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਸ਼ਤ ਵਧਾਈ ਘਈ ਅਤੇ ਚੌਕਾਂ ਵਿਚ ਸਖ਼ਤ ਨਾਕਾਬੰਦੀ ਕੀਤੀ ਗਈ। ਗਸ਼ਤ ਕਰਨ ਵਾਲੀਆਂ ਪਾਰਟੀਆਂ ਵੀ ਲਗਾਤਾਰ ਗਸ਼ਤ ’ਤੇ ਸਨ। ਪੁਲਿਸ ਨੇ ਸ਼ਹਿਰ ਭਰ ਦੇ ਚੌਰਾਹਿਆਂ ’ਤੇ ਲਗਾਏ ਗਏ ਪਬਲਿਕ ਐਡਰੈੱਸ ਸਿਸਟਮ ਰਾਹੀਂ ਜਨਤਾ ਨੂੰ ਪਟਾਕਿਆਂ ਦੇ ਸਮੇਂ ਬਾਰੇ ਵੀ ਜਾਣਕਾਰੀ ਦਿੱਤੀ। ਸੁਰੱਖਿਆ ਕਾਰਨਾਂ ਕਰਕੇ, ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਬਾਡੀ ਆਰਮਰ ਅਤੇ ਟਰਾਈਪੌਡ ਕੈਮਰੇ ਦਿੱਤੇ। । ਭੀੜ-ਭੜੱਕੇ ਦੇ ਸਮੇਂ ਦੌਰਾਨ ਆਵਾਜਾਈ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਸਨ।
ਦੀਵਾਲੀ ਦੀ ਰਾਤ ਨੂੰ ਸ਼ਹਿਰ ਵਿੱਚ ਕਈ ਥਾਵਾਂ ’ਤੇ ਅੱਗ ਲੱਗ ਗਈ।
ਫਾਇਰ ਬ੍ਰਿਗੇਡ ਨੇ ਪਹਿਲਾਂ ਹੀ ਦੀਵਾਲੀ ਲਈ ਤਿਆਰੀਆਂ ਕਰ ਲਈਆਂ ਸਨ। ਇਸੇ ਦੌਰਾਨ ਦੀਵਾਲੀ ਵਾਲੀ ਰਾਤ ਜਿਥੇ ਜਿਥੇ ਅੱਗ ਲੱਗਣ ਦੀ ਘਟਨਾਵਾਂ ਹੋਈਆਂ ਤਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਹਾਲਾਤੰ ਤੇ ਕਾਬੂ ਪਾਇਆ। ਜਾਣਕਾਰੀ ਦੇ ਅਨਸਾਰ ਸੋਮਵਾਰ ਦੀਵਾਲੀ ਦੀ ਰਾਤ ਨੂੰ ਲਗਭਗ 20 ਥਾਵਾਂ ’ਤੇ ਅੱਗ ਲੱਗੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਖਾਲੀ ਪਲਾਟਾਂ ਵਿੱਚ ਸੁੱਟੇ ਗਏ ਕੂੜੇ ਨੂੰ ਹੀ ਅੱਗ ਲੱਗੀ। ਸੋਮਵਾਰ ਦੁਪਹਿਰ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ, ਕਈ ਥਾਵਾਂ ’ਤੇ ਅੱਗ ਲੱਗ ਗਈ, ਜਿਸ ਵਿੱਚ ਬੀਐਸਐਫ ਕਲੋਨੀ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ। ਬਸਤੀ ਬਾਵਾਖੇਲ ਵਿੱਚ ਸਥਿਤ ਗੌਤਮ ਨਗਰ ਵਿੱਚ ਇੱਕ ਕਬਾੜ ਦੇ ਗੋਦਾਮ ਨੂੰ ਅੱਗ ਲੱਗੀ। ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿੱਚ ਪਠਾਨਕੋਟ ਚੌਕ ਨੇੜੇ ਇੱਕ ਖਾਲੀ ਪਲਾਟ ਵਿੱਚ ਅੱਗ ਲੱਗੀ। ਗੱਜ਼ੀ ਗੁੱਲਾ ਵਿੱਚ ਇੱਕ ਘਰ ਵਿੱਚ ਇੱਕ ਸਿਲੰਡਰ ਫਟ ਗਿਆ। ਟਰਾਂਸਪੋਰਟ ਨਗਰ ਵਿੱਚ ਇੱਕ ਖਾਲੀ ਪਲਾਟ ਵਿੱਚ ਪਏ ਕਬਾੜ ਨੂੰ ਅੱਗ ਲੱਗੀ। ਲੰਮਾ ਪਿੰਡ ਚੌਕ ਨੇੜੇ ਇੱਕ ਘਰ ਵਿਚ ਅੱਗ ਲੱਗੀ। ਸੁਚੀ ਪਿੰਡ ਵਿੱਚ ਝਾੜੀਆਂ ਨੂੰ ਅੱਗ ਲੱਗਈ। ਮਲਕਾ ਚੌਕ ਵਿੱਚ ਇੱਕ ਬੰਦ ਘਰ ਵਿੱਚ ਪਈ ਇੱਕ ਦਰੱਖਤ ਦੀਆਂ ਲੱਕੜਾਂ ਨੂੰ ਅੱਗ ਲੱਗੀ। ਇਨ੍ਹਾਂ ਤੋਂ ਇਲਾਵਾ, ਕਈ ਇਲਾਕਿਆਂ ਵਿੱਚ ਛੋਟੀਆਂ-ਮੋਟੀਆਂ ਅੱਗਾਂ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਟੀਮਾਂ ਨੇ ਮੌਕੇ ’ਤੇ ਕਾਬੂ ਪਾ ਲਿਆ।