ਸੱਤ ਫੁੱਟ ਤੱਕ ਭਰਿਆ ਪਾਣੀ; ਅੱਠ ਜ਼ਿਲ੍ਹਿਆਂ ’ਚ ਖਾਸ ਨਹੀਂ ਸੁਧਰੇ ਹਾਲਾਤ
ਅੰਮ੍ਰਿਤਸਰ ਬਿਉਰੋ
ਸੂਬੇ ਦੇ ਹੜ੍ਹ ਪ੍ਰਭਾਵਿਤ ਅੱਠ ਜ਼ਿਲ੍ਹਿਆਂ ’ਚ ਹਾਲਾਤ ’ਚ ਕੁਝ ਖ਼ਾਸ ਸੁਧਾਰ ਨਹੀਂ ਹੋਇਆ। ਹਾਲਾਤ ਅਜਿਹੇ ਹੋ ਗਏ ਹਨ ਕਿ ਰਾਵੀ ਦਰਿਆ ਦੇ ਆਫਰੇ ਹੋਣ ਦੇ ਕਾਰਨ ਗੁਰਦਾਸਪੁਰ ਦੇ ਘੋਨੇਵਾਲ ’ਚ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਪਾਣੀ ਇੱਥੋਂ ਦੇ ਕਰੀਬ 15 ਕਿਲੋਮੀਟਰ ਦੂਰ ਸਥਿਤ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ ਹੈ। ਇੱਥੇ ਹੇਠਲੇ ਇਲਾਕਿਆਂ ’ਚ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ ਹੈ ਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅਜਨਾਲਾ ਦੇ ਕਰੀਬ 80 ਪਿੰਡ ਪਾਣੀ ਨਾਲ ਘਿਰ ਗਏ ਹਨ ਤੇ ਇੱਥੇ ਪਾਣੀ ਦਾ ਪੱਧਰ ਸੱਤ ਫੁੱਟ ਤੱਕ ਪਹੁੰਚ ਗਿਆ ਹੈ। ਲਗਾਤਾਰ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਨੇ ਹਿਜਰਤ ਵੀ ਸ਼ੁਰੂ ਕਰ ਦੱਤੀ ਹੈ। ਅਜਿਹੇ ਹੀ ਹਾਲਾਤ ਹੜ੍ਹ ਪ੍ਰਭਾਵਿਤ ਫ਼ਾਜ਼ਿਲਕਾ, ਫਿਰੋਜ਼ਪੁਰ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਵੀ ਹਨ। ਗੁਰਦਾਸਪੁਰ ’ਚ ਪਾਣੀ ਦਾ ਪੱਧਰ ਭਾਵੇਂ ਘੱਟ ਹੋਇਆ ਹੈ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕੋਈ ਰਾਹਤ ਨਹੀਂ ਮਿਲੀ। ਫ਼ਾਜ਼ਿਲਕਾ ’ਚ ਵੀ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਫ਼ੌਜ, ਬੀਐੱਸਐੱਫ, ਐੱਨਡੀਆਰਐੱਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ’ਚ ਲੱਗੀਆਂ ਹੋਈਆਂ ਹਨ। ਸੱਤਵੇਂ ਦਿਨ ਵੀ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ਤੋਂ ਆਵਾਜਾਈ ਸ਼ੁਰੂ ਨਹੀਂ ਹੋ ਸਕੀ। ਪਠਾਨਕੋਟ ਤੇ ਮਾਧੋਪੁਰ ’ਚ ਰੇਲਵੇ ਪੁਲ ਤੇ ਨੈਸ਼ਨਲ ਹਾਈਵੇ ’ਤੇ ਬਣੇ ਪੁਲ ਦੇ ਪਿਲਰਾਂ ਨੂੰ ਨੁਕਸਾਨ ਪਹੁੰਚਣ ਦੇ ਕਾਰਨ ਰੇਲਵੇ ਨੇ ਜੰਮੂ ਜਾਣ ਵਾਲੀਆਂ 47 ਟ?ਰੇਨਾਂ ਰੱਦ ਕਰ ਦਿੱਤੀਆਂ ਹਨ।ਅਜਨਾਲਾ ’ਚ ਇਸ ਤੋਂ ਪਹਿਲਾਂ ਸਾਲ 2023 ’ਚ ਵੀ ਧੁੱਸੀ ਬੰਨ੍ਹ ਟੁੱਟਣ ਨਾਲ ਹੜ੍ਹ ਦਾ ਪਾਣੀ ਸ਼ਹਿਰ ’ਚ ਪਹੁੰਚ ਗਿਆ ਸੀ। ਦੱਸਣਯੋਗ ਹੈ ਕਿ ਉਦੋਂ ਪਾਣੀ ਦਾ ਪੱਧਰ ਘੱਟ ਸੀ ਤੇ ਸ਼ਹਿਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਪਾਣੀ ਨਿਕਲਣ ’ਚ ਇਕ ਹਫ਼ਤਾ ਲੱਗ ਗਿਆ ਸੀ। ਕਿਉਂਕਿ ਰਾਵੀ ’ਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਇਸ ਕਾਰਨ ਇਸ ਵਾਰੀ ਹਾਲਾਤ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ ਹੋਣ ਦੀ ਚਿੰਤਾ ਲੋਕਾਂ ਨੂੰ ਸਤਾਉਣ ਲੱਗੀ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ 22 ਪਿੰਡਾਂ ਦੇ ਲੋਕਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇੱਥੇ ਪਿਛਲੇ ਚਾਰ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇੱਥੇ ਕਰੀਬ 23 ਹਜ਼ਾਰ ਤੋਂ ਜ਼ਿਆਦਾ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਤੇ ਇਨ੍ਹਾਂ ’ਚੋਂ 2000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉੱਧਰ, ਫਿਰੋਜ਼ਪੁਰ ’ਚ ਹਾਲਾਤ ’ਚ ਕੁਝ ਸੁਧਾਰ ਹੋਇਆ ਹੈ। ਸ਼ੁੱਕਰਵਾਰ ਨੂੰ ਹੁਸੈਨੀਵਾਲਾ ਜੇਸੀਪੀ ’ਚ ਭਰਿਆ ਪਾਣੀ ਹੁਣ ਘੱਟ ਹੋਇਆ ਹੈ ਪਰ ਹਾਲੇ ਇੱਥੇ ਰਿਟ?ਰੀਟ ਸੈਰੇਮਨੀ ਨੂੰ ਆਰਜ਼ੀ ਤੌਰ ’ਤੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਪੀਸੀਐੱਸ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਆਪਣੀ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।