ਗੁਰਦਾਸਪੁਰ :
- ਥਾਣਾ ਤਿੱਬੜ ਅਧੀਨ ਆਉਂਦੇ ਪਿੰਡ ਕੋਠੇ ‘ਚ ਇਕ ਨੂੰਹ ਨੇ ਆਪਣੀ ਬਜ਼ੁਰਗ ਸੱਸ ਨਾਲ ਮਾਰਕੁਟਾਈ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬਜ਼ੁਰਗ ਦੇ ਨਾਲ ਮਾਰ-ਕੁਟਾਈ ਕਰਨ ਦੇ ਨਾਲ-ਨਾਲ ਉਸ ਨੂੰ ਥੱਪੜ ਵੀ ਮਾਰੇ ਗਏ। ਇਸ ਦੌਰਾਨ ਕੋਲ ਖੜ੍ਹੇ ਪੁੱਤ ਨੇ ਪੂਰੇ ਮਾਮਲੇ ਦੀ ਵੀਡੀਓ ਬਣਾਈ। ਹਾਲਾਂਕਿ ਉਹ ਵੀਡੀਓ ‘ਚ ਮਾਂ ਨੂੰ ਦਾਦੀ ਨਾਲ ਮਾਰਕੁਟਾਈ ਨਾ ਕਰਨ ਲਈ ਕਹਿੰਦਾ ਸੁਣਾਈ ਦਿੰਦਾ ਹੈ ਪਰ ਉਸ ਨੇ ਮਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਸਮੇਂ ਪੁਲਿਸ ਵੀਡੀਓ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਕਿਸੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਮੁਲਜ਼ਮ ਔਰਤ ਬਜ਼ੁਰਗ ਦੇ ਵਾਲ ਵੀ ਖਿੱਚਦੀ ਦਿਖਾਈ ਦਿੰਦੀ ਹੈ। ਬਜ਼ੁਰਗ ਔਰਤ ਦੀ ਨੂੰਹ ਉਸ ਨੂੰ ਕਹਿੰਦੀ ਹੈ ਕਿ “ਮੈਨੂੰ ਦੰਦ ਨਾਲ ਕਿਉਂ ਕੱਟਿਆ?” ਇਸ ਤੋਂ ਬਾਅਦ ਉਹ ਸੱਸ ਨੂੰ ਹੱਥ ‘ਚ ਫੜਿਆ ਗਿਲਾਸ ਵੀ ਮਾਰਦੀ ਹੈ ਤੇ ਗਾਲ੍ਹਾਂ ਵੀ ਕਢਦੀ ਹੈ। ਵੀਡੀਓ ਵਿਚ ਬਜ਼ੁਰਗ ਔਰਤ ਪੂਰੀ ਤਰ੍ਹਾਂ ਬੇਵਸ ਬੈਠੀ ਦਿਖਾਈ ਦਿੰਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬਜ਼ੁਰਗ ਔਰਤ ਨੇ ਇਸ ਬਾਰੇ ਹੁਣ ਤਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਦੂਜੇ ਪਾਸੇ, ਮਾਮਲਾ ਥਾਣਾ ਤਿਬੜ ਕੋਲ ਪਹੁੰਚ ਚੁੱਕਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਮਾਮਲੇ ਦੀ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।