ਨਵੀਂ ਦਿੱਲੀ : 
ਹਰਮਨਪ੍ਰੀਤ ਕੌਰ ਦੀ ਅਗਵਾਈ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਨੂੰ ਬੀਸੀਸੀਆਈ ਨੇ 51 ਕਰੋੜ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਨੇ ਐਤਵਾਰ ਨੂੰ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਇਆ ਸੀ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਸੋਮਵਾਰ ਨੂੰ ਕਿਹਾ ਕਿ ਬੋਰਡ ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਸਨਮਾਨ ਦੇ ਤੌਰ ’ਤੇ 51 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਵੇਗਾ। ਇਸ ’ਚ ਸਾਰੇ ਖਿਡਾਰੀ, ਸਹਿਯੋਗੀ ਸਟਾਫ ਤੇ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਸ਼ਾਮਲ ਹਨ। ਇਸੇ ਵਿਚਕਾਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਰੇਣੁਕਾ ਸਿੰਘ ਠਾਕੁਰ ਨੂੰ ਇਕ ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਵੀ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਨੂੰ ਇਕ ਕਰੋੜ ਰੁਪਏ ਨਕਦ ਪੁਰਸਕਾਰ ਦੇਵੇਗੀ।
ਢੋਲਕੀਆ ਦੇਣਗੇ ਡਾਇਮੰਡ ਜਿਊਲਰੀ
ਸੂਰਤ ਦੇ ਕਾਰੋਬਾਰੀ ਤੇ ਰਾਜ ਸਬਾ ਮੈਂਬਰ ਗੋਵਿੰਦ ਢੋਲਕੀਆ ਨੇ ਭਾਰਤੀ ਮਹਿਲਾ ਟੀਮ ਦੀਆਂ ਖਿਡਾਰਣਾਂ ਨੂੰ ਹੀਰੇ ਦੀ ਜਿਊਲਰੀ ਤੇ ਸੋਲਰ ਪੈਨਲ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਰਾਮਕ੍ਰਿਸ਼ਣ ਐਕਸਪੋਰਟਸ ਪ੍ਰਾਈਵੇਟ ਲਿਮਟਡ ਦੇ ਸੰਸਥਾਪਕ ਤੇ ਚੇਅਰਮੈਨ ਢੋਲਕੀਆ ਨੇ ਫਾਈਨਲ ਮੈਚ ਤੋਂ ਪਹਿਲਾਂ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੂੰ ਇਕ ਪੱਤਰ ਲਿਖ ਕੇ ਇਹ ਇੱਛਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਉਹ ਟੀਮ ਦੀ ਹਰ ਖਿਡਾਰਣ ਨੂੰ ਹੈਂਡਕ੍ਰਾਫਟਡ ਨੈਚੁਰਲ ਡਾਇਮੰਡ ਜਿਊਲਰੀ ਭੇਟ ਕਰਨਗੇ, ਜੋ ਉਨ੍ਹਾਂ ਦੀ ਮਿਹਨਤਰ ਤੇ ਹੌਸਲੇ ਦੀ ਸ਼ਲਾਘਾ ਦਾ ਪ੍ਰਤੀਕ ਹੋਵੇਗੀ।

