ਵੇਰਕਾ : 
ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਵੇਰਕਾ ਦੇ ਇਤਿਹਾਸਿਕ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਜਿਸ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਵੱਲੋਂ ਰਵਾਨਗੀ ਦੀ ਅਰਦਾਸ ਉਪਰੰਤ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੀ ਵੇਰਕਾ ਨਗਰ ਦੀ ਪੈਦਲ ਸੰਗਤ, ਧਾਰਮਿਕ ਸੰਗਠਨ, ਸੇਵਾ ਸੁਸਾਇਟੀਆਂ, ਸ਼ਬਦੀ ਜਥੇ ਅਤੇ ਵੱਖ-ਵੱਖ ਪੋਸ਼ਾਕਾਂ ਪਾਈ ਸਕੂਲਾਂ ਦੇ ਛੋਟੇ ਬੱਚੇ ਅਲੋਕਿਕ ਨਜ਼ਾਰਾ ਪੇਸ਼ ਕਰ ਰਹੇ ਸਨ। ਨਗਰ ਕੀਰਤਨ ਦਾ ਨਿਧਾਰਿਤ ਪੜਾਵਾਂ ਬੱਗੇ ਵਾਲੀ ਪੱਤੀ, ਤੀਰਥ ਨਗਰ, ਧੁਪਸੜੀ ਵੇਰਕਾ, ਮੇਨ ਬਜ਼ਾਰ ਵੇਰਕਾ, ਵੇਰਕਾ ਸਕੂਲ, ਗੁਰੂ ਨਾਨਕ ਪਾਰਕ, ਪੱਤੀ ਸੋਹਣ ਦੀ, ਵੱਡੀ ਧਰਮਸ਼ਾਲਾ, ਬੀਬੀਆਂ ਵਾਲਾ ਗੁਰਦੁਆਰਾ ਪਹੁੰਚਣ ’ਤੇ ਨਗਰ ਦੀ ਸੰਗਤ ਵੱਲੋਂ ਘਰਾਂ ਦੀਆਂ ਛੱਤਾਂ ਉੱਪਰੋਂ ਫੁਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਹਰ ਪੜਾਅ ਤੇ ਨਗਰ ਕੀਰਤਨ ਵਿਚ ਸ਼ਾਮਿਲ ਸੰਗਤ ਨੂੰ ਦੁੱਧ, ਕੇਲੇ, ਸੇਬ, ਬਦਾਮ, ਮੇਵੇ ਅਤੇ ਗੁਰੂ ਕੇ ਲੰਗਰ ਛਕਾ ਕੇ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੀ ਸ਼ਾਨ ਗਤਕਾਂ ਟੀਮਾਂ ਆਪਣੇ ਜੋਹਰ ਦਿਖਾ ਰਹੀਆਂ ਸਨ। ਪੂਰੇ ਵੇਰਕਾ ਨਗਰ ਦੀ ਪ੍ਰਕਰਮਾ ਕਰਨ ਉਪਰੰਤ ਸ਼ਾਮ ਨਗਰ ਕੀਰਤਨ ਆਪਣੇ ਅੰਤਿਮ ਪੜਾਅ ਗੁਰਦੁਆਰਾ ਨਾਨਕਸਰ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਨਗਰ ਕੀਰਤਨ ’ਚ ਸ਼ਾਮਿਲ ਸੰਗਤ ਦਾ ਤਹਿਿਦਲੋਂ ਧੰਨਵਾਦ ਕੀਤਾ। ਨਗਰ ਕੀਰਤਨ ਵਿੱਚ ਸੁਸਾਇਟੀ ਚੇਅਰਮੈਨ ਮੇਜਰ ਸਿੰਘ ਵੇਰਕਾ, ਕੌਂਸਲਰ ਨਵਦੀਪ ਸਿੰਘ ਹੁੰਦਲ, ਜਤਿੰਦਰ ਸਿੰਘ ਖਾਲਸਾ, ਸੁਭਾਸ਼ ਰਾਏ ਲਾਲੀ, ਕਮਲਬੀਰ ਸਿੰਘ ਬਬਲੂ ਹੁੰਦਲ, ਬੀਬੀ ਚਰਨਜੀਤ ਕੌਰ, ਸੁਖਦੇਵ ਸਿੰਘ ਸਹਿਮੀ, ਸੰਦੀਪ ਸਿੰਘ ਸੰਨੀ, ਕੇਵਲ ਕੁਮਾਰ, ਮਹਿੰਦਰ ਸਿੰਘ ਸਾਬਕਾ ਕੋਂਸਲਰ ਆਦਿ ਸ਼ਾਮਿਲ ਸਨ। ਇਸ ਵਾਰ ਇਕ ਨਗਰ ਕੀਰਤਨ ਸਜਾਇਆ ਦੱਸਣਯੋਗ ਹੈ ਕਿ ਕੁਝ ਸਮੇ ਤੋਂ ਵੇਰਕਾ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਅਹੁਦੇਦਾਰਾਂ ’ਚ ਨਗਰ ਕੀਰਤਨ ਸਜਾਉਣ ਲਈ ਮਾਮੂਲੀ ਤਕਰਾਰ ਕਾਰਨ ਦੋ ਵੱਖ-ਵੱਖ ਨਗਰ ਕੀਰਤਨ ਸਜਾਏ ਜਾ ਰਹੇ ਸਨ। ਜਿਸ ਦਾ ਵੇਰਕਾ ਦੀ ਸੰਗਤ ਵੱਲੋਂ ਇਕ ਨਗਰ ਕੀਰਤਨ ਸਜਾਉਣ ਦੀ ਬੇਨਤੀ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੀ ਰਿਪੋਰਟ ਦੇ ਅਧਾਰ ਤੇ ਨਗਰ ਕੀਰਤਨ ਵਾਲੀ ਪਾਲਕੀ ਸਾਹਿਬ ਨੂੰ ਬੱਸ ਦੀ ਬਜਾਏ ਮੋਢਿਆਂ ਵਾਲੀ ਪਾਲਕੀ ਸਾਹਿਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਇਕ ਹੀ ਨਗਰ ਕੀਰਤਨ ਸਜਾਉਣ ਦਾ ਅਦੇਸ਼ ਦਿੱਤਾ ਹੈ। ਜਿਸ ਦਾ ਵੇਰਕਾ ਦੀ ਸੰਗਤ ਵੱਲੋਂ ਸਵਾਗਤ ਕੀਤਾ ਗਿਆ।

