ਚੰਡੀਗੜ੍ਹ :
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਸੀਵਰਮੈਨ ਤੇ ਸਫਾਈ ਸੇਵਕਾਂ ਦੀ ਨਵੀਂ ਭਰਤੀ ਰੈਗੂਲਰ ਆਧਾਰ ’ਤੇ ਕੀਤੀ ਜਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਕੋਲ ਰੁਜ਼ਗਾਰ ਦੇ ਹੋਰ ਬਦਲ ਸੀਮਤ ਹਨ। ਸ਼ਨਿਚਰਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਤੇ ਪੰਜਾਬ ਨਗਰ ਪਾਲਿਕਾ ਮੁਲਾਜ਼ਮ ਸੰਗਠਨ ਦੇ ਨਾਲ ਹੋਈਆਂ ਬੈਠਕਾਂ ’ਚ ਵਿੱਤ ਮੰਤਰੀ ਨੇ ਇਹ ਨਿਰਦੇਸ਼ ਦਿੱਤੇ। ਵਿੱਤ ਮੰਤਰੀ ਨੇ ਦੋਵਾਂ ਜਥੇਬੰਦੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਤੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਇਨ੍ਹਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਇਕ ਰਿਪੋਰਟ ਤਿਆਰ ਕਰੇ, ਜਿਸ ਨੂੰ ਕੈਬਨਿਟ ਸਬ ਕਮੇਟੀ ਕੋਲ ਪੇਸ਼ ਕੀਤਾ ਜਾਏਗਾ। ਇਸ ਰਿਪੋਰਟ ’ਚ ਖਾਸ ਤੌਰ ’ਤੇ ਉਨ੍ਹਾਂ ਬਿਮਾਰੀਆਂ ਤੇ ਸਿਹਤ ਸਬੰਧੀ ਚੁਣੌਤੀਆਂ ਦਾ ਜ਼ਿਕਰ ਕੀਤਾ ਜਾਏ, ਜਿਨ੍ਹਾਂ ਦਾ ਸੀਵਰਮੈਨ ਨੂੰ ਸਾਹਮਣਾ ਕਰਨਾ ਪੈਂਦਾ ਹੈ। ਬੈਠਕਾਂ ’ਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਚੇਅਰਮੈਨ ਚੰਦਨ ਗਰੇਵਾਲ, ਪ੍ਰਧਾਨ ਵਿਨੋਦ ਕੁਮਾਰ ਬਿੱਟਾ, ਵਾਈਸ ਚੇਅਰਮੈਨ ਸੁਰਿੰਦਰ ਟੋਨਾ ਤੇ ਹੋਰ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।