ਜਲੰਧਰ 
ਮੇਅਰ ਵਨੀਤ ਧੀਰ ਨੇ ਸਮਾਰਟ ਸਿਟੀ ਕੰਪਨੀ ਦੇ ਤਿੰਨ ਪ੍ਰਾਜੈਕਟਾਂ ਤੇ ਮੰਗੀ ਗਈ ਰਿਪੋਰਟ ਨਾ ਦੇਣ ਤੇ ਨਾਰਾਜ਼ਗੀ ਪ੍ਰਗਟਾਈ ਹੈ। ਮੇਅਰ ਨੇ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀਆਂ ਨੂੰ ਰਿਮਾਈਂਡਰ ਵੀ ਭੇਜਿਆ ਸੀ, ਪਰ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਰਿਪੋਰਟ ਨਹੀਂ ਦਿੱਤੀ। ਮੇਅਰ ਨੇ ਸਮਾਰਟ ਸਿਟੀ ਕੰਪਨੀ ਦੇ ਪ੍ਰਾਜੈਕਟਾਂ, ਜਿਵੇਂ ਕਿ ਬਿਸਤ ਦੋਆਬ ਨਹਿਰ ਦੇ ਸੁੰਦਰੀਕਰਨ, ਵਰਟੀਕਲ ਗਾਰਡਨ ਤੇ ਸਮਾਰਟ ਰੋਡ ਪ੍ਰਾਜੈਕਟ ਨਾਲ ਜੁੜੀਆਂ ਸਾਰੀਆਂ ਫਾਈਲਾਂ ਮੰਗੀਆਂ ਹਨ। ਇਸ ਲਈ 8 ਅਕਤੂਬਰ ਨੂੰ ਸਮਾਰਟ ਸਿਟੀ ਕੰਪਨੀ ਦੇ ਸੀਈਓ ਨੂੰ ਪੱਤਰ ਲਿਖਿਆ ਗਿਆ ਸੀ। ਇਨ੍ਹਾਂ ਪ੍ਰਾਜੈਕਟਾਂ ਦੀ ਮੁੱਖ ਫਾਈਲ, ਹੁਣ ਤੱਕ ਕੀਤੇ ਗਏ ਭੁਗਤਾਨ, ਪੈਂਡਿੰਗ ਭੁਗਤਾਨ ਅਤੇ ਵੱਖ-ਵੱਖ ਏਜੰਸੀਆਂ ਦੀ ਜਾਂਚ ਰਿਪੋਰਟਾਂ ਦੀ ਫਾਈਲਾਂ ਮੰਗੀਆਂ ਗਈਆਂ ਹਨ। ਇਨ੍ਹਾਂ ਪ੍ਰਾਜੈਕਟਾਂ ਚ ਮੇਅਰ ਨੂੰ ਗੜਬੜ ਹੋਣ ਦਾ ਸ਼ੱਕ ਹੈ, ਇਸ ਲਈ ਉਹ ਆਪਣੇ ਪੱਧਰ ’ਤੇ ਇਸ ਦੀ ਜਾਂਚ ਕਰਨਾ ਚਾਹੁੰਦੇ ਹਨ। ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਫਾਈਨੈਂਸ ਅਤੇ ਕੰਟਰੈਕਟ ਕਮੇਟੀ ਦੀ ਮੀਟਿੰਗ ਚ ਵੀ ਮੇਅਰ ਨੇ ਬਿਲਡਿੰਗ ਤੇ ਰੋਡਜ਼ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਇਸ ਬਾਰੇ ਜਵਾਬ ਮੰਗਿਆ ਅਤੇ ਕਿਹਾ ਕਿ ਹੁਣ ਤੱਕ ਇਹ ਫਾਈਲਾਂ ਕਿਉਂ ਉਪਲੱਬਧ ਨਹੀਂ ਕਰਵਾਈਆਂ ਗਈਆਂ। ਹਾਲਾਂਕਿ ਬ੍ਰਾਂਚ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਦੋ-ਤਿੰਨ ਦਿਨਾਂ ਵਿਚ ਇਹ ਫਾਈਲਾਂ ਉਪਲੱਬਧ ਕਰਵਾ ਦੇਣਗੇ। ਮੇਅਰ ਨੇ ਫਾਈਲਾਂ ਨਾ ਦੇਣ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਵਿਚ ਹੋਰ ਦੇਰੀ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਮੇਅਰ ਨੇ 8 ਅਕਤੂਬਰ ਨੂੰ ਸਮਾਰਟ ਸਿਟੀ ਕੰਪਨੀ ਦੇ ਨਾਮ ਪੱਤਰ ਲਿਖਿਆ ਸੀ ਅਤੇ ਇਨ੍ਹਾਂ ਪ੍ਰਾਜੈਕਟਾਂ ਨਾਲ ਜੁੜੀ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ 21 ਅਕਤੂਬਰ ਨੂੰ ਰਿਮਾਈਂਡਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇ ਫਾਈਨਲ ਦੇਣ ਵਿਚ ਦੇਰੀ ਕੀਤੀ ਜਾਂਦੀ ਹੈ ਤਾਂ ਉਹ ਸਬੰਧਤ ਅਧਿਕਾਰੀਆਂ ਤੇ ਕਾਰਵਾਈ ਕਰਨਗੇ। ਮੇਅਰ ਵਨੀਤ ਧੀਰ ਨੇ ਜਿਨ੍ਹਾਂ ਪ੍ਰਾਜੈਕਟਾਂ ਤੇ ਰਿਪੋਰਟ ਮੰਗੀ ਹੈ, ਉਹ ਲਗਪਗ 57 ਕਰੋੜ ਰੁਪਏ ਦੇ ਹਨ। ਇਨ੍ਹਾਂ ’ਚੋਂ ਸਿਰਫ ਸਮਾਰਟ ਰੋਡ ਦਾ ਪ੍ਰਾਜੈਕਟ ਹੀ 50 ਕਰੋੜ ਰੁਪਏ ਦਾ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਕੰਪਨੀ ਨੇ ਵੀ ਨਗਰ ਨਿਗਮ ਖ਼ਿਲਾਫ਼ ਆਰਬਿਟ੍ਰੇਸ਼ਨ ’ਚ ਕੇਸ ਦਰਜ ਕੀਤਾ ਹੈ। ਨਹਿਰ ਦੇ ਸੁੰਦਰੀਕਰਨ ਦਾ ਕੰਮ ਕਾਫੀ ਖਰਾਬ ਰਿਹਾ ਹੈ ਪਰ ਅਜੇ ਤੱਕ ਠੇਕੇਦਾਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਮਾਰਟ ਸਿਟੀ ਪ੍ਰਾਜੈਕਟ ਦੇ ਬਾਵਜੂਦ ਨਹਿਰ ਦੇ ਆਸ-ਪਾਸ ਦੀ ਹਾਲਤ ਕਾਫੀ ਖਰਾਬ ਹੈ। ਵਰਟੀਕਲ ਗਾਰਡਨ ਵੀ ਨਿਯਮਾਂ ਮੁਤਾਬਕ ਨਹੀਂ ਬਣਾਏ ਗਏ ਹਨ ਅਤੇ ਕਾਫੀ ਜਗ੍ਹਾ ਤੇ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਹੈ।

