ਸ਼੍ਰੀਨਗਰ: 
ਕਾਊਂਟਡਾਊਨ ਖ਼ਤਮ ਹੋ ਚੁੱਕਾ ਹੈ ਅਤੇ ‘ਚਿੱਲੇ ਕਲਾਂ’ ਤੋਂ ਪਹਿਲਾਂ ਹੀ ਕੜਾਕੇ ਦੀ ਠੰਢ ਝੱਲ ਰਹੇ ਘਾਟੀ ਦੇ ਲੋਕ ਸਰਦੀਆਂ ਦੇ ਸਭ ਤੋਂ ਕਠਿਨ ਦੌਰ ਕਹੇ ਜਾਣ ਵਾਲੇ 40 ਦਿਨਾਂ ਦੇ ‘ਚਿੱਲੇ ਕਲਾਂ’ ਵਿੱਚ ਪ੍ਰਵੇਸ਼ ਕਰਨ ਵਾਲੇ ਹਨ। ਇਹ ਦੌਰ ਉੱਚੇ ਪਹਾੜੀ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਦੇ ਵਿਚਕਾਰ ਕੱਲ੍ਹ ਯਾਨੀ 21 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। 30 ਜਨਵਰੀ ਤੱਕ ਚੱਲਣ ਵਾਲਾ ਇਹ ਦੌਰ ਆਪਣਾ ਜੌਹਰ ਦਿਖਾ ਕੇ ਲੋਕਾਂ ਦੇ ਸਬਰ ਦੀ ਪ੍ਰੀਖਿਆ ਲਵੇਗਾ।ਯਾਦ ਰਹੇ ਕਿ ਇਸ 40 ਦਿਨਾਂ ਦੇ ‘ਚਿੱਲੇ ਕਲਾਂ’ ਦੌਰਾਨ ਘਾਟੀ ਵਿੱਚ ਅਕਸਰ ਭਾਰੀ ਬਰਫ਼ਬਾਰੀ ਹੁੰਦੀ ਹੈ। ਤਾਪਮਾਨ ਲਗਾਤਾਰ ਜਮਾਉ ਬਿੰਦੂ (ਜ਼ੀਰੋ ਡਿਗਰੀ) ਤੋਂ ਹੇਠਾਂ ਬਣਿਆ ਰਹਿੰਦਾ ਹੈ। ਜਲ ਸਰੋਤ ਅਕਸਰ ਜੰਮ ਜਾਂਦੇ ਹਨ। ਆਸਮਾਨ ਆਮ ਤੌਰ ‘ਤੇ ਬੱਦਲਾਂ ਨਾਲ ਢਕਿਆ ਰਹਿੰਦਾ ਹੈ ਅਤੇ ਸੂਰਜ ਕਦੇ-ਕਦਾਈਂ ਹੀ ਆਪਣੇ ਦਰਸ਼ਨ ਕਰਵਾਉਂਦਾ ਹੈ। ਅਜਿਹੇ ਮੌਸਮ ਵਿੱਚ ਗੁਜ਼ਾਰਾ ਕਰਨ ਲਈ ਲੋਕ ਗਰਮੀਆਂ ਦੇ ਦੌਰਾਨ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਠੰਢ ਵਿੱਚ ਖ਼ੁਦ ਨੂੰ ਗਰਮ ਰੱਖਣ ਲਈ ਕੋਲੇ, ਲੱਕੜਾਂ ਆਦਿ ਜਮ੍ਹਾਂ ਕਰ ਲੈਂਦੇ ਹਨ। ਗਰਮ ਊਨੀ ਕੱਪੜਿਆਂ ਦਾ ਬੰਦੋਬਸਤ ਕਰ ਲੈਂਦੇ ਹਨ ਅਤੇ ਖਾਣ-ਪੀਣ ਲਈ ਸਬਜ਼ੀਆਂ ਤੇ ਫ਼ਲ ਸੁਕਾ ਕੇ ਉਨ੍ਹਾਂ ਨੂੰ ਸਟੋਰ ਕਰਕੇ ਰੱਖ ਲੈਂਦੇ ਹਨ, ਤਾਂ ਜੋ ‘ਚਿੱਲੇ ਕਲਾਂ’ ਦੀ ਹੱਡ ਚੀਰਵੀਂ ਠੰਢ ਦੇ ਵਿਚਕਾਰ ਇਨ੍ਹਾਂ ਦਾ ਸੇਵਨ ਕਰ ਸਕਣ। ਦੱਸ ਦਈਏ ਕਿ ਇਸ ਸਾਲ ‘ਚਿੱਲੇ ਕਲਾਂ’ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮੁੱਚੀ ਘਾਟੀ ਭਿਆਨਕ ਠੰਢ ਦੀ ਲਪੇਟ ਵਿੱਚ ਰਹੀ। ਘੱਟੋ-ਘੱਟ ਤਾਪਮਾਨ ਨਵੰਬਰ ਮਹੀਨੇ ਤੋਂ ਹੀ ਜਮਾਉ ਬਿੰਦੂ (ਜ਼ੀਰੋ ਡਿਗਰੀ) ‘ਤੇ ਚਲਾ ਗਿਆ ਸੀ, ਜਿਸ ਕਾਰਨ ‘ਚਿੱਲੇ ਕਲਾਂ’ ਸ਼ੁਰੂ ਹੋਣ ਤੋਂ ਪਹਿਲਾਂ ਹੀ ਘਾਟੀ ਵਿੱਚ ਉਸ ਵਰਗੀ ਹੀ ਕੜਾਕੇ ਦੀ ਠੰਢ ਮਹਿਸੂਸ ਕੀਤੀ ਗਈ। ਹਾਲਾਂਕਿ, ਇਸ ਦੌਰਾਨ ਮੌਸਮ ਲਗਾਤਾਰ ਖ਼ੁਸ਼ਕ ਬਣਿਆ ਰਿਹਾ। ਖ਼ੁਸ਼ਕ ਮੌਸਮ ਦੇ ਚਲਦਿਆਂ ਘਾਟੀ ਵਿੱਚ ਸੋਕੇ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜੇਹਲਮ ਸਮੇਤ ਸਾਰੇ ਜਲ ਸਰੋਤਾਂ ਦਾ ਪੱਧਰ ਘਟ ਗਿਆ ਹੈ, ਜਦਕਿ ਹਵਾ ਦਾ ਗੁਣਵੱਤਾ ਸੂਚਕਾਂਕ (AQI) ਵੀ ਪ੍ਰਭਾਵਿਤ ਹੋਇਆ ਹੈ। ਸੁੱਕੇ ਮੌਸਮ ਕਾਰਨ ਲੋਕ ਵੱਖ-ਵੱਖ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਦੌਰਾਨ ਘਾਟੀ ਵਿੱਚ ਅੱਜ ਵੀ ਖ਼ੁਸ਼ਕ ਮੌਸਮ ਦੇ ਵਿਚਕਾਰ ਕੜਾਕੇ ਦੀ ਠੰਢ ਜਾਰੀ ਰਹੀ। ਜ਼ਿਆਦਾਤਰ ਸਥਾਨਾਂ ‘ਤੇ ਘੱਟੋ-ਘੱਟ ਤਾਪਮਾਨ ਜਮਾਉ ਬਿੰਦੂ (ਸਿਫ਼ਰ) ਤੋਂ ਹੇਠਾਂ ਬਣਿਆ ਰਿਹਾ। ਪੁਲਵਾਮਾ -3.2 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਢਾ ਖ਼ੇਤਰ ਰਿਹਾ। ਸ਼ੋਪੀਆਂ ਵਿੱਚ ਘੱਟੋ-ਘੱਟ ਤਾਪਮਾਨ -2.9, ਅਵੰਤੀਪੋਰਾ ਵਿੱਚ -2.2, ਪੰਪੋਰ ਵਿੱਚ -2.0 ਅਤੇ ਸ੍ਰੀਨਗਰ ਵਿੱਚ -0.4 ਦਰਜ ਕੀਤਾ ਗਿਆ।
ਸ੍ਰੀਨਗਰ ਹਵਾਈ ਅੱਡੇ ‘ਤੇ ਤਾਪਮਾਨ -1.6 ਡਿਗਰੀ ਸੈਲਸੀਅਸ, ਕਾਜ਼ੀਗੁੰਡ ਅਤੇ ਪਹਿਲਗਾਮ ਦੋਵਾਂ ਸਥਾਨਾਂ ‘ਤੇ -1.0, ਕੁਪਵਾੜਾ ਵਿੱਚ -0.7, ਬਾਰਾਮੂਲਾ ਵਿੱਚ -1.5 ਜਦਕਿ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਰਿਹਾ।
ਦੂਜੇ ਪਾਸੇ, ਲਦਾਖ ਵੀ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਉੱਥੇ ਲੇਹ ਵਿੱਚ ਘੱਟੋ-ਘੱਟ ਤਾਪਮਾਨ -4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

