ਲੁਧਿਆਣਾ : 
ਸੋਮਵਾਰ ਨੂੰ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਕਿ ਫਿਲਮ ‘ਪਿੱਟ ਸਿਆਪਾ’ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ’ਤੇ ਟੀਮ ਦੇ ਨਾਲ-ਨਾਲ ਪੁਰਾਤੱਤਵ ਵਿਭਾਗ ਦੇ ਖ਼ਿਲਾਫ਼ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ’ਚ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੌਰਾਨ ਸੋਨਮ ਬਾਜਵਾ ਅਤੇ ਉਨਾਂ ਦੀ ਟੀਮ ਨੇ ਸਰਹਿੰਦ ਸਥਿਤ ਇਤਿਹਾਸਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਦ ਕਿ ਕਦੇ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸ਼ਾਹੀ ਇਮਾਮ ਨੇ ਕਿਹਾ ਕਿ ਭਗਤ ਸਦਨਾ ਦੇ ਨਾਂ ’ਤੇ ਬਣਾਈ ਗਈ ਇਹ ਮਸਜਿਦ ਇਤਿਹਾਸਕ ਹੈ। ਯਾਦ ਰਹੇ ਭਗਤ ਸਦਨਾ ਜੀ ਸਿੱਖ ਮੁਸਲਿਮ ਸਮਾਜ ਵਿੱਚ ਬੜੀ ਅਕੀਦਿਤ ਨਾਲ ਮੰਨੇ ਜਾਂਦੇ ਹਨ। ਭਗਤ ਸਦਨਾ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਹੈਰਤ ਹੈ ਕਿ ਇਤਿਹਾਸਕ ਮਸਜਿਦ ਵਿੱਚ ਸ਼ੂਟਿੰਗ ਕਰ ਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ। ਧਰਮ ਦੀ ਆਸਥਾ ਨਾਲ ਖਿਲਵਾੜ ਕੀਤਾ ਗਿਆ, ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੁਲਿਸ ਨੂੰ ਚਾਹੀਦਾ ਹੈ ਕਿ ਫੌਰਨ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਆਏ ਦਿਨ ਧਰਮ ਦੀ ਆਸਥਾ ਨਾਲ ਖਿਲਵਾੜ ਕਰਨਾ ਅਫਸੋਸਨਾਕ ਹੈ, ਇਸ ’ਤੇ ਕਾਨੂੰਨ ਬਣਨਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਫਿਲਮ ਬਣਾਉਣ ਵਾਲੇ ਪਹਿਲਾਂ ਸਮਾਜ ਨੂੰ ਸੁਨੇਹਾ ਦਿੰਦੇ ਸਨ ਅਤੇ ਅੱਜ ਦੇ ਫਿਲਮ ਨਿਰਮਾਤਾ ਪੈਸੇ ਕਮਾਉਣ ਵੱਲ ਵੱਧ ਧਿਆਨ ਦਿੰਦੇ ਹਨ ਨਾ ਕਿ ਸਮਾਜ ਸੁਧਾਰ ਵੱਲ। ਉਨ੍ਹਾਂ ਕਿਹਾ ਕਿ ਜੇਕਰ ਫਿਲਮ ਦੀ ਹੀਰੋਇਨ ਅਤੇ ਪ੍ਰੋਡਿਊਸਰ ਸਮਝਦਾਰ ਹੁੰਦੇ ਤਾਂ ਕਦੇ ਵੀ ਮਸਜਿਦ ਵਿੱਚ ਸ਼ੂਟਿੰਗ ਨਾ ਕਰਦੇ।

