ਗਾਜ਼ੀਆਬਾਦ :
ਹਿੰਡਨ ਏਅਰਫੋਰਸ ਸਟੇਸ਼ਨ ’ਤੇ ਬੁੱਧਵਾਰ ਨੂੰ ਸਮਰੱਥ, ਸਸ਼ਕਤ ਅਤੇ ਆਤਮ-ਨਿਰਭਰ ਥੀਮ ’ਤੇ ਹਵਾਈ ਫ਼ੌਜ ਦਾ 93ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਆਪ੍ਰੇਸ਼ਨ ਸਿੰਧੂਰ ਵਿਚ ਬਹਾਦਰੀ ਦੀ ਗਾਥਾ ਲਿਖਣ ਵਾਲੇ ਹਵਾਈ ਫ਼ੌਜ ਦੇ ਯੋਧਿਆਂ ਨੂੰ ਸਥਾਪਨਾ ਦਿਵਸ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਏਅਰ ਚੀਫ ਸਟਾਫ ਵਜੋਂ ਇੱਥੇ ਹੋਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਹ ਅੱਜ ਅਜਿਹੀ ਹਵਾਈ ਫ਼ੌਜ ਦਾ ਹਿੱਸਾ ਹਨ ਜੋ ਤਕਨੀਕ ਤੇ ਸਮਰੱਥਾ ਵਿਚ ਦੁਨੀਆ ਦੀਆਂ ਚੋਟੀ ਦੀਆਂ ਹਵਾਈ ਫ਼ੌਜਾਂ ਵਿਚੋਂ ਇਕ ਹੈ। ਇਕ ਅਜਿਹੀ ਹਵਾਈ ਫ਼ੌਜ ਜਿਸ ਨੇ ਹਰ ਸੰਕਟ ਵਿਚ ਅੱਗੇ ਵੱਧ ਕੇ ਚੁਣੌਤੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਹਵਾਈ ਫ਼ੌਜ ਦੇ ਬਹਾਦਰਾਂ ਨੇ ਹਰ ਯੁੱਗ ਵਿਚ ਇਤਿਹਾਸ ਰਚਿਆ। ਸਾਲ 1947 ਵਿਚ ਕਸ਼ਮੀਰ ਦੀ ਰੱਖਿਆ, 1965 ਵਿਚ ਆਕਾਸ਼ ਤੋਂ ਹਮਲਾ, 1971 ਵਿਚ ਇਕ ਨਵੇਂ ਰਾਸ਼ਟਰ ਦੀ ਰਚਨਾ, 1999 ਵਿਚ ਕਾਰਗਿਲ ਵਿਚ ਅਨੋਖਾ ਸਾਹਸ, 2019 ਵਿਚ ਬਾਲਾਕੋਟ ਵਿਚ ਅੱਤਵਾਦੀਆਂ ਦਾ ਨਾਸ਼ ਅਤੇ ਇਸ ਸਾਲ ਆਪ੍ਰੇਸ਼ਨ ਸਿੰਧੂਰ ਵਿਚ ਸਿਰਫ਼ ਚਾਰ ਦਿਨਾਂ ਵਿਚ ਦੁਸ਼ਮਣ ’ਤੇ ਜਿੱਤ। ਭਾਰਤੀ ਹਵਾਈ ਫ਼ੌਜ ਨੇ ਹਰ ਮੌਕੇ ਸਮਰੱਥਾ ਅਤੇ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ ਤਿਰੰਗੇ ਦੀ ਆਨ ਤੇ ਸ਼ਾਨ ਦੀ ਹਿਫਾਜ਼ਤ ਕੀਤੀ ਹੈ। ਸਵਦੇਸ਼ੀ ਹਥਿਆਰਾਂ ਦੇ ਦਮ ’ਤੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਢਹਿਢੇਰੀ ਕੀਤਾ। ਆਪ੍ਰੇਸ਼ਨ ਸਿੰਧੂਰ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਸਮਰਪਣ, ਨਿਯਮਤ ਅਭਿਆਸ, ਸਾਵਧਾਨੀ ਤੇ ਯੋਜਨਾਬੱਧ ਢੰਗ ਨਾਲ ਕੁਝ ਦਿਨਾਂ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਸਾਡੇ ਸੂਰਵੀਰਤਾ ਨੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਿਆ ਅਤੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਈ। ਫ਼ੌਜ ਦੇ ਹੌਸਲੇ ਅਤੇ ਹੁਨਰ ਨੇ ਲੋਕਾਂ ਵਿਚ ਭਰੋਸਾ ਵਧਾਇਆ ਹੈ। ਅਸੀਂ ਨਾ ਸਿਰਫ਼ ਅਸਮਾਨ ਦੇ ਰਾਖੇ ਹਾਂ ਸਗੋਂ ਰਾਸ਼ਟਰ ਦੇ ਅਰਮਾਨਾਂ ਦੇ ਰਾਖੇ ਵੀ ਹਾਂ।
ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਦੇਸ਼ ਵਿਚ ਆਫ਼ਤ ਸਮੇਂ ਹਵਾਈ ਫ਼ੌਜ ਦੇ ਯੋਧਿਆਂ ਨੇ ਅੱਗੇ ਵੱਧ ਕੇ ਕੰਮ ਕੀਤਾ। ਅਸਾਮ, ਸਿੱਕਮ ਅਤੇ ਹਿਮਾਚਲ ਪ੍ਰਦੇਸ਼ ਵਿਚ ਆਫ਼ਤ ਵੇਲੇ ਰਾਹਤ ਕਾਰਜ ਵਿਚ ਯੋਧੇ ਜੁਟੇ ਰਹੇ। ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿਚ ਸੰਕਟ ਵੇਲੇ ਭਾਰਤੀਆਂ ਨੂੰ ਬਚਾਉਣ ਤੋਂ ਲੈ ਕੇ ਮਿਆਂਮਾਰ, ਲਾਓਸ, ਵੀਅਤਨਾਮ ਅਤੇ ਕੀਨੀਆ ਵਰਗੇ ਦੇਸ਼ਾਂ ਵਿਚ ਆਫ਼ਤ ਵੇਲੇ ਸਹਾਇਤਾ ਕੀਤੀ।
ਪਰੇਡ ਵਿਚ ਕਦਮਤਾਲ ਦੇ ਨਾਲ ਦਿਸਿਆ ਭਾਰਤੀ ਫ਼ੌਜ ਦਾ •ਸ਼ੌਰਿਆ : ਸਥਾਪਨਾ ਦਿਵਸ ’ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਉਪੇਂਦਰ ਦਿਵੇਦੀ ਅਤੇ ਜਲ ਸੈਨਾ ਮੁਖੀ ਦਿਨੇਸ਼ ਕੁਮਾਰ ਤ੍ਰਿਪਾਠੀ ਦੇ ਨਾਲ ਹਵਾਈ ਫ਼ੌਜ ਦੇ ਸਾਬਕਾ ਪ੍ਰਮੁੱਖ ਅਧਿਕਾਰੀ ਮੌਜੂਦ ਰਹੇ। ਹਵਾਈ ਸ਼ਕਤੀ ਦੀ ਜੋਸ਼ੀਲੀ ਧੁਨ ਨਾਲ ਹਵਾਈ ਫ਼ੌਜ ਦੇ ਜਵਾਨਾਂ ਨੇ ਪਰੇਡ ਕੱਢੀ। ਪਰੇਡ ਕਮਾਂਡਰ ਗਰੁੱਪ ਕੈਪਟਨ ਚੇਤਨ ਪ੍ਰਦੀਪ ਦੇਸ਼ਪਾਂਡੇ ਨੇ ਤਿੰਨਾਂ ਫ਼ੌਜਾਂ ਦੇ ਬੈਂਡ ਨਾਲ ਪਰੇਡ ਕਰਵਾਈ। ਏਅਰ ਚੀਫ ਮਾਰਸ਼ਲ ਸਥਾਪਨਾ ਦਿਵਸ ’ਤੇ ਵਿੰਟੇਜ 1967 ਫੋਰਡ ਸੈਲੂਨ ਕਾਰ ਨਾਲ ਪੁੱਜੇ। ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਹਵਾਈ ਫ਼ੌਜ ਦੇ ਯੋਧਿਆਂ ਨੇ ਪਰੇਡ ਦੌਰਾਨ ਏਅਰ ਚੀਫ ਮਾਰਸ਼ਲ ਨੂੰ ਸਲਾਮੀ ਦਿੱਤੀ। ਉਨ੍ਹਾਂ ਨੇ ਰਾਈਫਲਾਂ ਨਾਲ ਹੈਰਾਨ ਕਰਨ ਵਾਲੇ ਕਰਤੱਬ ਕਰ ਕੇ ਤਾਕਤ ਦਿਖਾਈ।
97 ਹਵਾਈ ਫ਼ੌਜ ਦੇ ਯੋਧਿਆਂ ਨੂੰ ਮਿਲੇ ਇਨਾਮ
: ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ 97 ਹਵਾਈ ਫ਼ੌਜ ਦੇ ਜਵਾਨਾਂ ਨੂੰ ਵੀਰਤਾ ਲਈ ਯੁੱਧ ਸੇਵਾ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਵਿਚ ਆਪ੍ਰੇਸ਼ਨ ਸਿੰਧੂਰ ਦੌਰਾਨ ਸ਼ਾਮਲ ਰਹੇ ਹਵਾਈ ਫ਼ੌਜ ਦੇ ਯੋਧੇ ਵੀ ਸ਼ਾਮਲ ਹਨ। ਆਪ੍ਰੇਸ਼ਨ ਸਿੰਧੂਰ ਦੌਰਾਨ ਜਾਨ ਗੁਆਉਣ ਵਾਲੇ ਸਾਰਜੈਂਟ ਸੁਰਿੰਦਰ ਕੁਮਾਰ ਦੀ ਪਤਨੀ ਸੀਮਾ ਮੋਗਾ ਨੂੰ ਗੈਲੈਂਟਰੀ ਇਨਾਮ ਦਿੱਤਾ ਗਿਆ। ਇਸ ਤੋਂ ਬਾਅਦ ਹਵਾਈ ਫ਼ੌਜ ਦੇ ਹੋਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਡਲ ਦਿੱਤੇ ਗਏ।