ਤਰਨਤਾਰਨ – 
ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਰਮੀਤ ਸਿੰਘ ਸੰਧੂ ਨੂੰ ਵੀਰਵਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ। ਇਸ ਤੋਂ ਪਹਿਲਾਂ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਤਰਨਤਾਰਨ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਅੱਠ ਸਾਲ ਤੋਂ ਤਰਨਤਾਰਨ ਅੰਦਰ ਵਿਕਾਸ ਅਤੇ ਲੋਕਾਂ ਦੇ ਹੋਰ ਕੰਮ ਰੁਕੇ ਹੋਏ ਸਨ। ਜਿਨ੍ਹਾਂ ਨੂੰ ਹੁਣ ਤੇਜੀ ਨਾਲ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗੰਵਤ ਮਾਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਤਰਨਤਾਰਨ ਹਲਕੇ ’ਚ ਪ੍ਰਚਾਰ ਦੌਰਾਨ ਜੋ ਵੀ ਕੰਮ ਕਹੇ ਗਏ ਸਨ, ਉੱਪਰ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇ। ਹਰਮੀਤ ਸੰਧੂ ਨੇ ਕਿਹਾ ਕਿ ਤਰਨਤਾਰਨ ਵਿਚ ਲੜਕੀਆਂ ਦਾ ਕਾਲਜ ਬਣਾਉਣ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਹ ਅੱਜ ਤੋਂ ਹੀ ਜੁਟ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਵਢਭਾਗੇ ਹਨ ਕਿ ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ ਪਹਿਲੀ ਵਾਰ ਜਿਸ ਸ਼ੈਸ਼ਨ ਵਿਚ ਬੈਠਣ ਦਾ ਮੌਕਾ ਮਿਲੇਗਾ, ਉਹ ਗਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਲੱਗਣ ਜਾ ਰਿਹਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਇਕ ਵਜੋਂ ਸੰਧੂ ਨੂੰ ਸਹੁੰ ਚੁਕਵਾਉਣ ਉਪਰੰਤ ਮੂੰਹ ਮਿੱਠਾ ਕਰਵਾ ਕੇ ਵਧਾਈ ਵੀ ਦਿੱਤੀ। ਮੀਡੀਆ ਦੇ ਮੁਖਾਤਿਬ ਹੁੰਦਿਆਂ ਸੰਧਵਾਂ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਚਾਰ ਵਾਰ ਚੋਣ ਜਿੱਤੇ ਹਨ ਅਤੇ ਉਨ੍ਹਾਂ ਦੇ ਤਜੁਰਬੇ ਦਾ ਅਸੀਂ ਫਾਇਦਾ ਲਵਾਂਗੇ।

