ਅੰਮ੍ਰਿਤਸਰ :
ਜੰਮੂ ਦੇ ਸਾਂਬਾ ਜ਼ਿਲ੍ਹੇ ਦੀ ਵਿਜੇਪੁਰ ਤਹਿਸੀਲ ‘ਚ ਪੈਂਦੇ ਕੌਲਪੁਰ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੀ ਰਾਤ ਇਸ ਪਿੰਡ ਦੇ ਹੀ ਵਾਸੀ ਮਨਜੀਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਤੇਲ ਪਾ ਕੇ ਅਗਨ ਭੇਟ ਕਰਨ ਦੇ ਮਾਮਲੇ ‘ਚ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬੁੱਧਵਾਰ ਨੂੰ ਖੁਦ ਘਟਨਾ ਵਾਲੀ ਥਾਂ ਪੁੱਜੇ ਤੇ ਮਾਮਲੇ ਦੀ ਮੁਕੰਮਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ ਤੇ ਦੁੱਖਦਾਈ ਹੈ। ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਦਿਆਂ ਜਥੇਦਾਰ ਗੜਗੱਜ ਨੇ ਇਸ ਗੁਰਦੁਆਰਾ ਸਿੰਘ ਸਭਾ ਕੌਲਪੁਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਤਾਉਮਰ ਗੁਰੂ ਘਰ ਦੇ ਪ੍ਰਬੰਧਕ ਬਣਨ ਤੋਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਵਿਸ਼ਵ ਭਰ ‘ਚ ਵੱਸਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੇ ਕਮੇਟੀਆਂ ਨੂੰ ਅਤਿ ਜ਼ਰੂਰੀ ਤਾਕੀਦ ਕੀਤੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਮੈਂਬਰ, ਸਕੱਤਰ ਬਣਨ ਦੀ ਥਾਂ ਗੁਰੂ ਘਰ ਦੇ ਸੱਚੇ ਸੇਵਾਦਾਰ ਬਣੀਏ ਤੇ ਸੇਵਾ ਭਾਵਨਾ ਨਾਲ ਹਰ ਗੁਰਦੁਆਰਾ ਸਾਹਿਬ ਅੰਦਰ 24 ਘੰਟੇ ਪਹਿਰੇਦਾਰੀ ਯਕੀਨੀ ਬਣਾਈਏ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਪਹਿਰੇਦਾਰੀ ਲਾਜ਼ਮੀ ਹੈ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ ਢਿਲਾਈ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਪਸੀ ਝਗੜੇ, ਅਹੁਦੇਦਾਰੀਆਂ ਦੇ ਵਿਵਾਦਾਂ ਨਾਲ ਜੁੜੇ ਬਹੁਤ ਮਾਮਲੇ ਆਉਂਦੇ ਹਨ, ਲੋੜ ਹੈ ਕਿ ਇਨ੍ਹਾਂ ਮਾਮਲਿਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਮਾਣ ਸਤਿਕਾਰ ਲਈ ਅਹੁਦੇਦਾਰੀਆਂ ਦੀਆਂ ਲਾਲਸਾਵਾਂ ਛੱਡ ਕੇ ਅਸੀਂ ਸੱਚੇ ਦਿਲੋਂ ਸੇਵਾਦਾਰ ਬਣ ਕੇ ਸੇਵਾਦਾਰੀਆਂ ਕਰੀਏ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਥੇਦਾਰ ਗੜਗੱਜ ਅੱਜ ਸਵੇਰੇ ਹੀ ਸਾਂਬਾ ਲਈ ਰਵਾਨਾ ਹੋਏ, ਉੱਥੇ ਪੁੱਜ ਕੇ ਘਟਨਾ ਵਾਲੀ ਥਾਂ ਦੀ ਮੁਕੰਮਲ ਜਾਂਚ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਰੋਸ ਵਿੱਚ ਇਕੱਤਰ ਹੋਈ ਸਥਾਨਕ ਸੰਗਤ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ। ਇਸ ਘਟਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ ਜਦਕਿ ਇੱਕ ਸਰੂਪ ਨੂੰ ਕਾਫ਼ੀ ਸੇਕ ਲੱਗਾ ਹੈ।