ਪੱਟੀ :
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਧਗਾਣਾ ਵਿਖੇ ਦੀਵਾਲੀ ਵਾਲੀ ਰਾਤ ਕਾਂਗਰਸ ਦੇ ਸਾਬਕਾ ਸਰਪੰਚ ਵੱਲੋਂ ਚਲਾਈ ਗਈ ਗੋਲੀ ਨਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ (40) ਪਤਨੀ ਜਤਿੰਦਰ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਇਸ ਗੋਲੀਬਾਰੀ ਦੌਰਾਨ ਦੋ ਹੋਰ ਲੋਕ ਜਖ਼ਮੀ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ‘ਤੇ ਡੀਐੱਸਪੀ ਪੱਟੀ ਲਵਕੇਸ਼ ਸੈਣੀ ਥਾਣਾ ਸਦਰ ਦੀ ਪੁਲਿਸ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ।ਮ੍ਰਿਤਕ ਔਰਤ ਦੇ ਪਤੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ’ਚ ਵੇਰਕਾ ਡੇਅਰੀ ਦਾ ਕੰਮ ਕਰਦੇ ਹਨ। ਰਾਤ ਨੂੰ ਬੱਚੇ ਗਲੀ ਵਿੱਚ ਪਟਾਕੇ ਚਲਾ ਰਹੇ ਸੀ ਤਾਂ ਉਨ੍ਹਾਂ ਦਾ ਗੁਆਢੀਆਂ ਨਾਲ ਝਗੜਾ ਹੋ ਗਿਆ। ਉਹ ਆਪਣੇ ਬੱਚਿਆਂ ਨੂੰ ਬੁਲਾਉਣ ਲਈ ਗਲੀ ਵਿੱਚ ਆਏ ਤਾਂ ਸਾਹਮਣੇ ਤੋਂ ਕਾਂਗਰਸ ਦੇ ਸਾਬਕਾ ਸਰਪੰਚ ਨੇ ਗੋਲੀ ਚਲਾ ਦਿੱਤੀ, ਜੋ ਉਸਦੀ ਪਤਨੀ ਮਨਦੀਪ ਕੌਰ ਦੇ ਲੱਗ ਗਈ। ਜਖ਼ਮੀ ਹਾਲਤ ਵਿੱਚ ਮਨਦੀਪ ਕੌਰ ਨੂੰ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਵੀ ਗੋਲੀਆਂ ਦੇ ਛੱਰੇ ਲੱਗੇ ਹਨ। ਡੀਐੱਸਪੀ ਲਵਕੇਸ਼ ਸੈਣੀ ਦੱਸਿਆ ਕਿ ਵਾਰਸਾਂ ਦੇ ਬਿਆਨ ਕਲਮਬੰਦ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਲਾਸ਼ ਦਾ ਪੱਟੀ ਦੇ ਸਿਵਲ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।