ਗੁਰਦਾਸਪੁਰ: 
ਲੰਘੀ ਰਾਤ 3 ਵਜੇ ਦੇ ਕਰੀਬ ਗੁਰਦਾਸਪੁਰ ਵਿੱਚ ਇੱਕ ਵੱਡੀ ਵਾਰਦਾਤ ਹੋਈ। ਇੱਕ ਸਾਬਕਾ ਫੌਜੀ ਨੇ ਆਪਣੇ ਸਹੁਰੇ ਘਰ ਪਿੰਡ ਖੁੱਥੀ ਜਾ ਕੇ ਅਪਣੀ ਪਤਨੀ ਅਤੇ ਸੱਸ ਨੂੰ ਏਕੇ -47 ਰਾਇਫਲ ਨਾਲ਼ ਭੁੰਨ ਦਿੱਤਾ। ਇਸ ਉਪਰੰਤ ਉਹ ਫਰਾਰ ਹੋ ਗਿਆ। ਪੁਲਿਸ ਨੂੰ ਪਤਾ ਲੱਗਾ ਤਾਂ ਅੱਧੀ ਰਾਤ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ। ਸਾਰੇ ਥਾਣਿਆਂ ‘ਤੇ ਇਤਲਾਹ ਦਿੱਤੀ ਅਤੇ ਚਾਰੇ ਪਾਸੇ ਦਾ ਇਲਾਕਾ ਸੀਲ ਕਰ ਦਿੱਤਾ। ਇਹ ਮੁਲਜ਼ਮ ਬਸ ਸਟੈਂਡ ਨਜ਼ਦੀਕ ਗੁਰਦਾਸਪੁਰ ਦੀ ਸਕੀਮ ਨੰਬਰ -7 ਦੇ ਕੁਆਰਟਰਾਂ ਵਿੱਚ ਆ ਗਿਆ। ਪੁਲਿਸ ਵੀ ਪਿੱਛਾ ਕਰਦੀ ਆ ਗਈ। ਇਸ ਮੌਕੇ ਐੱਸਐੱਸਪੀ ਆਦਿਤਅ ਸਮੇਤ ਕਈ ਵੱਡੇ ਅਧਿਕਾਰੀ ਸਨ। ਉਨ੍ਹਾਂ ਮੁਲਜ਼ਮ ਨੂੰ ਸਰੰਡਰ ਕਰਨ ਲਈ ਕਿਹਾ ਪਰ ਮੁਲਜ਼ਮ ਘਰ ਦੀਆਂ ਪੌੜੀਆਂ ਵਿੱਚ ਬੈਠ ਗਿਆ ਅਤੇ ਕਿਹਾ ਕਿ ਮੀਡੀਆ ਦੇ ਆਉਣ ਉਪਰੰਤ ਉਹ ਸਰੰਡਰ ਕਰੇਗਾ। ਜਦੋਂ ਮੀਡੀਆ ਕਰਮੀ ਆਏ ਤਾਂ ਇਸਨੇ ਖ਼ੁਦ ਵੀ ਰਾਇਫਲ ਨਾਲ਼ ਖੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਇਹ ਸਾਬਕਾ ਫੌਜੀ ਇਸ ਸਮੇਂ ਗੁਰਦਾਸਪੁਰ ਜੇਲ੍ਹ ਪੁਲਿਸ ਦੀ ਪ੍ਰੈਸਕੋ ਕੰਪਨੀ ਵਿੱਚ ਸੁਰੱਖਿਆ ਮੁਲਾਜ਼ਮ ਵਜੋਂ ਤੈਨਾਤ ਸੀ। ਇਸਦਾ 2016 ਤੋਂ ਪਤਨੀ ਨਾਲ਼ ਝਗੜਾ ਚੱਲ ਰਿਹਾ ਸੀ। ਪਤਨੀ ਆਪਣੇ ਪੇਕੇ ਘਰ ਰਹਿੰਦੀ ਸੀ। ਇਸ ਕਾਰਨ ਦੇਰ ਰਾਤ ਉਸਨੇ ਜੇਲ੍ਹ ਤੋਂ ਹਥਿਆਰ ਚੁੱਕ ਕੇ ਸਹੁਰੇ ਘਰ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।

