ਲੁਧਿਆਣਾ : major times
ਮੁੱਖ ਨਿਆਂਇਕ ਮੈਜਿਸਟ੍ਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਅੱਜ ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਨੌ ਸਾਲ ਪੁਰਾਣੇ ਧਰਨਾ ਮਾਮਲੇ ’ਚ ਉਨ੍ਹਾਂ ਦੇ 21 ਸਾਥੀਆਂ ਸਮੇਤ ਬਰੀ ਕਰ ਦਿੱਤਾ। ਮਾਮਲੇ ਮੁਤਾਬਕ ਘਟਨਾ ਦੇ ਸਮੇਂ ਬੈਂਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਨ ਤੇ ਉਨ੍ਹਾਂ ਨੇ ਫਿਰੋਜ਼ਪੁਰ ਰੋਡ ’ਤੇ ਸਥਿਤ ਫਾਸਟਵੇਅ ਕੇਬਲ ਟੀਵੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਪਾਰਟੀ ਵਿਚਕਾਰ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਬੈਂਸ ਤੇ ਉਨ੍ਹਾਂ ਦੇ ਸਾਥੀਆਂ ’ਤੇ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਤੋਂ ਰੋਕਣ, ਮੁੱਖ ਸੜਕ ’ਤੇ ਆਵਾਜਾਈ ਰੁਕਵਾਉਣ ਆਦਿ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਲੰਬੇ ਸਮੇਂ ਤੱਕ ਚੱਲੀ ਸੁਣਵਾਈ ਦੇ ਬਾਅਦ ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਬੈਂਸ ਤੇ ਉਨ੍ਹਾਂ ਦੇ 21 ਸਾਥੀਆਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ, ਕਿਉਂਕਿ ਇਸਤਗਾਸਾ ਪੱਖ ਉਨ੍ਹਾਂ ਖ਼ਿਲਾਫ਼ ਠੋਸ ਤੇ ਵਿਸ਼ਵਾਸਯੋਗ ਸਬੂਤ ਪੇਸ਼ ਕਰਨ ’ਚ ਅਸਫਲ ਰਿਹਾ। ਇਹ ਫੈਸਲਾ ਸਿਰਫ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਲਈ ਹੀ ਨਹੀਂ, ਸਗੋਂ ਸਿਆਸੀ ਮਾਹੌਲ ’ਚ ਵੀ ਇਕ ਮਹੱਤਵਪੂਰਨ ਮੋੜ ਹੈ, ਜਿਸ ਨਾਲ ਸਿਆਸੀ ਪ੍ਰਦਰਸ਼ਨਾਂ ਤੇ ਪੁਲਿਸ ਦੀਆਂ ਕਾਰਵਾਈਆਂ ਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ।