ਚੰਡੀਗੜ੍ਹ :
ਪੀਜੀਆਈ ਵਿਚ ਮੰਗਲਵਾਰ ਨੂੰ 4 ਹਜ਼ਾਰ ਠੇਕਾ ਮੁਲਾਜ਼ਮਾਂ ਦੀ 24 ਘੰਟਿਆਂ ਦੀ ਹੜਤਾਲ ਹੋਈ। ਸਵੇਰੇ 6 ਵਜੇ ਤੋਂ ਸ਼ੁਰੂ ਹੋਈ ਇਹ ਹੜਤਾਲ ਮੰਗਲਵਾਰ ਸਵੇਰੇ 6 ਵਜੇ ਤੱਕ ਚੱਲੀ। ਹੜਤਾਲ ਕਾਰਨ ਪੀਜੀਆਈ ਦੇ ਪ੍ਰਬੰਧਾਂ ‘ਤੇ ਸਿੱਧਾ ਅਸਰ ਪਿਆ ਹੈ। ਲਗਪਗ 4 ਹਜ਼ਾਰ ਮੁਲਾਜ਼ਮਾਂ ਦੇ ਕੰਮ ‘ਤੇ ਨਾ ਆਉਣ ਕਾਰਨ ਹਸਪਤਾਲ ਦੀ ਜ਼ਿੰਮੇਵਾਰੀ ਲਗਪਗ 1200 ਪੱਕੇ ਮੁਲਾਜ਼ਮਾਂ ਸਹਾਰੇ ਰਹੀ ਹੈ। ਪੀਜੀਆਈ ਵਿਚ ਠੇਕਾ ਮੁਲਾਜ਼ਮਾਂ ਦਾ ਅੰਦੋਲਨ ਪਿਛਲੇ 46 ਦਿਨਾਂ ਤੋਂ ਚੱਲ ਰਿਹਾ ਹੈ। ਲੰਬੇ ਸਮੇਂ ਤੱਕ ਹੱਲ ਨਾ ਨਿਕਲਣ ‘ਤੇ ਜੁਆਇੰਟ ਐਕਸ਼ਨ ਕਮੇਟੀ ਨੇ ਧਰਨੇ ਅਤੇ ਹੜਤਾਲ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਵੱਡੀ ਗਿਣਤੀ ’ਚ ਠੇਕਾ ਮੁਲਾਜ਼ਮ ਕੰਮ ਛੱਡ ਕੇ ਹੜਤਾਲ ‘ਤੇ ਬੈਠ ਗਏ। ਕੁਝ ਮੁਲਾਜ਼ਮਾਂ ਨੇ ਭੁੱਖ ਹੜਤਾਲ ‘ਤੇ ਬੈਠਣ ਦਾ ਵੀ ਐਲਾਨ ਕੀਤੀ ਹੈ। ਮੁਲਾਜ਼ਮਾਂ ਨੇ ਸਾਫ ਕਿਹਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਉਹ ਡਿਊਟੀ ‘ਤੇ ਨਹੀਂ ਵਾਪਸ ਆਉਣਗੇ। ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਪੀਜੀਆਈ ਪ੍ਰਸ਼ਾਸਨ ਨੇ ਹਸਪਤਾਲ ਨੂੰ ਹਾਰਡ ਕੰਟਿੰਜੈਂਸੀ ਰੁਟੀਨ ‘ਤੇ ਚਲਾਉਣ ਦਾ ਫੈਸਲਾ ਕੀਤਾ ਸੀ। ਮੈਡੀਕਲ ਸੁਪਰੀਟੈਂਡੈਂਟ ਦੀਆਂ ਹਦਾਇਤਾਂ ਮੁਤਾਬਕ ਇਸ ਦੌਰਾਨ ਐਮਰਜੈਂਸੀ ਅਤੇ ਐਡਵਾਂਸਡ ਟ੍ਰਾਮਾ ਸੈਂਟਰ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਗਈ। ਇੱਥੇ ਲੋੜੀਂਦੇ ਨਰਸਿੰਗ ਸਟਾਫ, ਹਸਪਤਾਲ ਅਟੈਂਡੈਂਟ ਅਤੇ ਹੋਰ ਸਹਾਇਕ ਕਰਮਚਾਰੀਆਂ ਦੀ ਵਾਧੂ ਡਿਊਟੀ ਲਗਾਈ ਗਈ। ਇਸ ਦੇ ਨਾਲ ਹੀ ਸਾਰੇ ਵਿਭਾਗ ਦੇ ਮੁਖੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਮੌਕੇ ‘ਤੇ ਮੌਜੂਦ ਰਹਿਣ ਅਤੇ ਵਿਵਸਥਾਵਾਂ ਦੀ ਨਿਗਰਾਨੀ ਕਰਨ। ਹੜਤਾਲ ਦੀ ਮਿਆਦ ਦੌਰਾਨ ਸਾਰੇ ਕਿਸਮ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਓਪੀਡੀ, ਇਨਡੋਰ ਸੇਵਾਵਾਂ, ਓਪਰੇਸ਼ਨ ਥੀਏਟਰ, ਆਈਸੀਯੂ, ਰੇਡੀਓਲੋਜੀ, ਲੈਬ ਅਤੇ ਬਲੱਡ ਬੈਂਕ ਨੂੰ ਸੀਮਿਤ ਸਰੋਤਾਂ ਨਾਲ ਚਲਾਇਆ ਗਿਆ। ਪੀਜੀਆਈ ਪ੍ਰਸ਼ਾਸਨਿਕ ਵਿਭਾਗ ਵਿਚ 24 ਘੰਟੇ ਦਾ ਕੰਟਰੋਲ ਰੂਮ ਸਰਗਰਮ ਕੀਤਾ ਗਿਆ ਸੀ, ਜਿੱਥੋਂ ਪੂਰੀ ਸਥਿਤੀ ਦੀ ਨਿਗਰਾਨੀ ਕੀਤੀ ਗਈ। ਪੀਜੀਆਈ ਵਿਚ ਚੰਡੀਗੜ੍ਹ ਦੇ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਦਿੱਲੀ ਤੋਂ ਵੀ ਮਰੀਜ਼ ਇਲਾਜ ਲਈ ਪਹੁੰਚਦੇ ਹਨ। ਇਸ ਤਰ੍ਹਾਂ, ਹੜਤਾਲ ਦੇ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਤੇਮਾਰਦਾਰਾਂ ਨੂੰ ਯੋਗ ਸਟਾਫ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੀਜੀਆਈ ਵਿਚ ਲੋੜੀਂਦਾ ਬਨਾਮ ਠੇਕਾ ਅਧਾਰਿਤ ਸਟਾਫ
ਪੱਕਾ ਸਟਾਫ਼—– ਗਿਣਤੀ
ਹਸਪਤਾਲ ਅਟੈਂਡੈਂਟ —- 180
ਸੁਰੱਖਿਆ ਗਾਰਡ ———- 100
ਸਾਬਕਾ ਸੈਨਿਕ ———– 180
ਕੁੱਲ ਸੁਰੱਖਿਆ ਮੁਲਾਜ਼ਮ —– 280
ਸੈਨੇਟਰੀ ਅਟੈਂਡੈਂਟ —— 350
ਕਿਚਨ ਸਟਾਫ ——— 100
ਠੇਕਾ ਅਧਾਰਤ ਮੁਲਾਜ਼ਮ —-ਗਿਣਤੀ
ਹਸਪਤਾਲ ਅਟੈਂਡੈਂਟ —- 2500
ਸੈਨੇਟਰੀ ਅਟੈਂਡੈਂਟ —— 1400
ਸੁਰੱਖਿਆ ਗਾਰਡ ——— 600
ਕਿਚਨ ਸਟਾਫ ——— 200

