ਜੰਮੂ :
ਲੱਦਾਖ ’ਚ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ ’ਚ ਬਰਫ਼ ਦੇ ਤੋਦੇ ਡਿੱਗਣ ਨਾਲ ਦੇਸ਼ ਸੇਵਾ ਕਰ ਰਹੇ ਭਾਰਤੀ ਫ਼ੌਜ ਦੇ ਤਿੰਨ ਜਾਂਬਾਜ਼ ਸ਼ਹੀਦ ਹੋ ਗਏ। ਦੂਜੇ ਪਾਸੇ, ਬਰਫ਼ ’ਚ ਦੱਬੇ ਫ਼ੌਜ ਦੇ ਇਕ ਕੈਪਟਨ ਨੂੰ ਬਚਾਅ ਲਿਆ ਗਿਆ। ਸ਼ਹੀਦਾਂ ’ਚ ਫ਼ੌਜੀ ਉੱਤਰ ਪ੍ਰਦੇ•ਸ਼ ਵਾਸੀ ਫ਼ੌਜੀ ਮੋਹਿਤ ਕੁਮਾਰ, ਗੁਜਰਾਤ ਦੇ ਰਹਿਣ ਵਾਲੇ ਅਗਨੀਵੀਰ ਡਾਭੀ ਰਾਕੇਸ਼ ਦੇਵਾਭਾਈ ਤੇ ਝਾਰਖੰਡ ਵਾਸੀ ਅਗਨੀਵੀਰ ਨੀਰਜ ਕੁਮਾਰ ਚੌਧਰੀ ਸ਼ਾਮਲ ਹਨ। ਤਿੰਨੋਂ ਸ਼ਹੀਦ ਮਹਾਰ ਰੈਜੀਮੈਂਟ ਦੇ ਹਨ। ਬਚਾਏ ਗਏ ਕੈਪਟਨ ਦੀ ਪਛਾਣ ਅਵਿਰਲ ਸ਼ਰਮਾ ਦੇ ਰੂਪ ’ਚ ਹੋਈ ਹੈ। ਫ਼ੌਜੀ ਸੂਤਰਾਂ ਮੁਤਾਬਕ, ਮੰਗਲਵਾਰ ਸਵੇਰੇ ਸਿਆਚਿਨ ਦੇ ਬੇਸ ਕੈਂਪ ਨੇੜੇ ਕਰੀਬ 12 ਹਜ਼ਾਰ ਫੁੱਟ ਦੀ ਉੱਚਾਈ ’ਤੇ ਬਰਫ਼ ਦੇ ਤੋਦੇ ਡਿੱਗੇ। ਇਸ ਦੀ ਲਪੇਟ ’ਚ ਤਿੰਨ ਜਵਾਨ ਤੇ ਇਕ ਕੈਪਟਨ ਆ ਗਏ। ਬਰਫ਼ ਦੇ ਤੋਦੇ ਡਿੱਗਣ ਦੇ ਤੁਰੰਤ ਬਾਅਦ ਫ਼ੌਜ ਨੇ ਇਲਾਕੇ ’ਚ ਵੱਡੇ ਪੱਧਰ ’ਤੇ ਕਾਰਵਾਈ ਕੀਤੀ। ਕਰੀਬ ਪੰਜ ਘੰਟਿਆਂ ਤੱਕ ਤਿੰਨ ਜਵਾਨ ਬਰਫ਼ ਹੇਠਾਂ ਦੱਬੇ ਰਹੇ। ਇਸ ਤੋਂ ਬਾਅਦ ਬਰਫ਼ ਹਟਾਉਣ ’ਤੇ ਤਿੰਨਾਂ ਦੀਆਂ ਦੇਹਾਂ ਮਿਲੀਆਂ। ਉੱਧਰ, ਸਰੋਤਾਂ ਮੁਤਾਬਕ ਬਰਫ਼ ਵਿਚ ਦੱਬੇ ਰਹਿਣ ਕਾਰਨ ‘ਫ੍ਰਾਸਬਾਈਟ’ ਹੋਣ ਕਾਰਨ ਕੈਪਟਨ ਨੂੰ ਹੈਲੀਕਾਪਟਰ ਰਾਹੀਂ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਫ਼ੌਜ ਦੀ ਫਾਇਰ ਐਂਡ ਫਿਊਰੀ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਹਿਤੇਸ਼ ਭੱਲਾ ਨੇ ਸਿਆਚਿਨ ਵਿਚ ਦੇਸ਼ ਸੇਵਾ ਕਰਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੀਓਸੀ ਨੇ ਕਿਹਾ ਕਿ ਜਵਾਨਾਂ ਦਾ ਇਹ ਬਲੀਦਾਨ ਦੇਸ਼ ਦੀ ਸੇਵਾ ਲਈ ਉਨ੍ਹਾਂ ਦੀ ਅਟੁੱਟ ਨਿਸ਼ਠਾ ਤੇ ਹੌਸਲੇ ਨੂੰ ਦਰਸਾਉਂਦਾ ਹੈ। ਮੌਸਮ ਦੀ ਚੁਣੌਤੀ ਦਾ ਸਾਹਮਣਾ ਕਰਦੇ ਹਨ ਜਵਾਨ : ਭਾਰਤੀ ਫ਼ੌਜ ਦੇ ਜਵਾਨ ਸਿਆਚਿਨ ਗਲੇਸ਼ੀਅਰ ਵਿਚ 20,000 ਫੁੱਟ ਦੀ ਉਚਾਈ ’ਤੇ ਦੁਸ਼ਮਣ ਦ ਨਾਲ-ਨਾਲ ਮੌਸਮ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਦੇ ਹਨ। ਸਰਦੀਆਂ ਵਿਚ ਸਿਆਚਿਨ ਗਲੇਸ਼ੀਅਰ ਦਾ ਤਾਪਮਾਨ ਮਨਫ਼ੀ 60 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ। ਸਾਲ 2021 ਵਿਚ ਸਬ-ਸੈਕਟਰ ਹਨੀਫ ਵਿਚ ਬਰਫ਼ ਦੇ ਤੋਦੇ ਡਿੱਗਣ ਕਾਰਨ ਦੋ ਫ਼ੌਜੀ ਸ਼ਹੀਦ ਹੋਏ ਸਨ। ਇਸ ਤੋਂ ਪਹਿਲਾਂ, 2019 ਵਿਚ 18,000 ਫੁੱਟ ਦੀ ਉਚਾਈ ’ਤੇ ਪੈਟਰੋਲਿੰਗ ਦੌਰਾਨ ਚਾਰ ਫ਼ੌਜੀ ਤੇ ਦੋ ਪੋਰਟਰ ਸ਼ਹੀਦ ਹੋ ਗਏ ਸਨ।