•ਪਟਿਆਲਾ :
ਸਿਹਤ ਵਿਭਾਗ ਵਿਚ ਜਾਰੀ ਹੋਈਆਂ ਭਰਤੀ ਵਿਚ ਅਪਲਾਈ ਕਰਨ ਲਈ ਅਮਰ ਹੱਦ ’ਚ ਛੋਟ ਦੀ ਮੰਗ ਕਰਦੇ ਦੋ ਬੇਰੁਜ਼ਗਾਰ ਨੌਜਵਾਨ ਬੁੱਧਵਾਰ ਨੂੰ ਅਚਾਨਕ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਦੇ ਨੇੜੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਤੇ ਮੰਗਾਂ ਨਾ ਮੰਨਣ ’ਤੇ ਆਤਮਦਾਹ ਦੀ ਧਮਕੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਹੋਰਨਾਂ ਸਾਥੀਆਂ ਵੱਲੋਂ ਸਿਹਤ ਮੰਤਰੀ ਦੇ ਘਰ ਨੇੜੇ ਹੀ ਟੈਂਕੀ ਹੇਠ ਪੱਕਾ ਮੋਰਚਾ ਲਗਾ ਦਿੱਤਾ ਗਿਆ। ਟੈਂਕੀ ’ਤੇ ਚੜ੍ਹੇ ਦੋ ਬੇਰੁਜ਼ਗਾਰ ਮੱਖਣ ਸਿੰਘ ਚੀਮਾ ਮੰਡੀ ਤੇ ਹੀਰਾ ਲਾਲ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਵਿਚ ਜਾਰੀ ਹੋਈਆਂ ਪੋਸਟਾਂ ਵਿਚ ਉਨ੍ਹਾਂ ਨੂੰ ਅਨੇਕਾਂ ਵਾਰ ਵਾਅਦਾ ਕਰਨ ਦੇ ਬਾਵਜੂਦ ਵੀ ਉਮਰ ਹੱਦ ’ਚ ਛੋਟ ਨਹੀਂ ਦਿੱਤੀ ਗਈ। ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜ ਪੁੰਨਿਆ ਮੌਕੇ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਅਤੇ ਹੋਰ ਅਨੇਕਾਂ ਥਾਵਾਂ ਤੇ ਬੇਰੁਜ਼ਗਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਬੇਰੁਜ਼ਗਾਰ ਰੁਜ਼ਗਾਰ ਉਡੀਕਦੇ, ਧਰਨੇ ਲਾਉਂਦੇ ਓਵਰ ਏਜ ਹੋ ਚੁੱਕੇ ਹਨ, ਉਨ੍ਹਾਂ ਸਭਨਾਂ ਨੂੰ ਉਮਰ ਹੱਦ ਛੋਟ ਦੇ ਕੇ ਆਉਂਦੀਆਂ ਪੋਸਟਾਂ ਵਿੱਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ ਪ੍ਰੰਤੂ ਸਿਹਤ ਵਿਭਾਗ ’ਚ ਜਾਰੀ ਹੋਈਆਂ ਪੋਸਟਾਂ ਵਿਚ ਅਨੇਕਾਂ ਵਾਰ ਸਿਹਤ ਮੰਤਰੀ ਨਾਲ ਮੀਟਿੰਗ ਹੋਣ ਦੇ ਬਾਵਜੂਦ ਵੀ ਬੇਰਜ਼ਗਾਰਾਂ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਮੌਕੇ ਓਵਰਏਜ਼ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਅਪਲਾਈ ਕਰਨ ਦੇ ਭਰੋਸੇ ਦਿੰਦੀ ਰਹੀ ਜਦਕਿ ਅੱਜ ਜਦੋਂ ਇਸ ਮੰਗ ਨੂੰ ਲੈ ਕੇ ਬੇਰੁਜ਼ਗਾਰ ਜਦੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਲਈ ਇਕੱਠੇ ਹੋ ਰਹੇ ਸਨ ਤਾਂ ਦੂਜੇ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ 270 ਪੋਸਟਾਂ ਲਈ ਲਿਖਤੀ ਪ੍ਰੀਖਿਆ ਦੇ ਰੋਲ ਨੰਬਰ ਅਪਲੋਡ ਕਰ ਦਿੱਤੇ ਗਏ, ਜਿਸ ਕਾਰਨ ਰੋਸ ’ਚ ਆਏ ਦੋ ਬੇਰੁਜ਼ਗਾਰ ਸਥਾਨਕ ਟੈਂਕੀ ਉੱਪਰ ਚੜ੍ਹ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਹੋਈਆਂ 270 ਪੋਸਟਾਂ ਲਈ ਮਹਿਜ਼ 350 ਉਮੀਦਵਾਰ ਹੀ ਉਮਰ ਸੀਮਾ ਪੂਰੀ ਕਰਦੇ ਹਨ। ਅੰਦਾਜਨ 2200 ’ਚੋਂ ਬਾਕੀ 1850 ਦੇ ਕਰੀਬ ਬੇਰੁਜ਼ਗਾਰ ਓਵਰਏਜ਼ ਹੋ ਚੁੱਕੇ ਹਨ। ਇਸ ਮੰਗ ਨੂੰ ਲੈ ਕੇ ਬੇਰੁਜ਼ਗਾਰ ਸਥਾਨਕ ਆਮ ਆਦਮੀ ਕਲੀਨਿਕ ਦੇ ਗੇਟ ਉੱਤੇ ਧਰਨੇ ਉੱਤੇ ਬੈਠੇ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਬੇਰੁਜ਼ਗਾਰਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। – ਸਿਹਤ ਮੰਤਰੀ ਨਾਲ ਮੀਟਿੰਗ 21 ਨੂੰ ਇਸ ਦੌਰਾਨ ਟੈਂਕੀ ’ਤੇ ਚੜ੍ਹੇ ਨੌਜਵਾਨਾਂ ਵੱਲੋਂ ਆਤਮਦਾਹ ਦੀ ਚੇਤਾਵਨੀ ਦੇਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਪੱਤਰ ਸੌਂਪਿਆ ਗਿਆ, ਜਿਸ ਉਪਰੰਤ ਯੂਨੀਅਨ ਵੱਲੋਂ ਰੋਸ ਧਰਨਾ ਜਾਰੀ ਰੱਖਦਿਆ ਹੋਰ ਐਕਸਨ ਟਾਲ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ 21 ਨਵੰਬਰ ਨੂੰ ਮੀਟਿੰਗ ਲਈ ਸੱਦਾ ਪੱਤਰ ਆਇਆ ਹੈ, ਜਿਸ ਦੌਰਾਨ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਕੋਈ ਐਕਸਨ ਨਾ ਕਰਦੇ ਹੋਏ ਟੈਂਕੀ ’ਤੇ ਹੀ ਡਟੇ ਰਹਿਣਗੇ ਤੇ ਬਾਕੀ ਸਾਥੀਆਂ ਵੱਲੋਂ ਟੈਂਕੀ ਨੇੜੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ, ਜੋਕਿ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।

