ਚੰਡੀਗੜ੍ਹ :
ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਣ ਦੀ ਕਾਰਵਾਈ ਨੂੰ ਸਿੱਖਾਂ ਨਾਲ ਦੋਹਰੀ ਅਤੇ ਵਿਤਕਰੇ ਵਾਲੀ ਨੀਤੀ ਕਰਾਰ ਦਿੱਤਾ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਜਾਰੀ ਪ੍ਰੈੱਸ ਬਿਆਨ ਵਿਚ ਆਖਿਆ ਕਿ ਅਪ੍ਰੈਲ ਮਹੀਨੇ ਪਹਿਲਗਾਓਂ ਅੱਤਵਾਦੀ ਹਮਲਾ ਬੜੀ ਹੀ ਜ਼ਾਲਮਾਨਾ ਅਤੇ ਦੁਖਦਾਈ ਘਟਨਾ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲੋਂ ਸਾਰੇ ਸਮਝੌਤੇ ਤੋੜਨ ਦਾ ਐਲਾਨ ਕੀਤਾ ਸੀ ਪਰ ਅੱਜ ਪੰਜ ਮਹੀਨੇ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਕ੍ਰਿਕਟ ਮੈਚ ਤਾਂ ਖੇਡਿਆ ਜਾ ਰਿਹਾ ਹੈ ਪਰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਜਥਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ 1947 ਦੀ ਭਾਰਤ-ਪਾਕਿ ਵੰਡ ਦਾ ਸਭ ਤੋਂ ਵੱਡਾ ਨੁਕਸਾਨ ਉਠਾਇਆ ਹੈ। ਇਕ ਪਾਸੇ ਪੰਜਾਬ ਦੋ ਦੇਸ਼ਾਂ ਦੀਆਂ ਕੰਡਿਆਲੀਆਂ ਤਾਰਾਂ ਵਿਚਾਲੇ ਵੰਡਿਆ ਗਿਆ ਅਤੇ ਦੂਜੇ ਪਾਸੇ ਸਿੱਖਾਂ ਨੂੰ ਆਪਣੇ ਜਾਨੋਂ ਪਿਆਰੇ ਗੁਰਧਾਮ ਅਤੇ ਹਰੀਆਂ-ਭਰੀਆਂ ਜ਼ਰਖੇਜ਼ ਜ਼ਮੀਨਾਂ ਪਾਰਲੇ ਪਾਸੇ ਛੱਡ ਛੱਡਣੀਆਂ ਪਈਆਂ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚ ਰਹਿੰਦੇ ਦੋਵਾਂ ਦੇਸ਼ਾਂ ਦੇ ਘੱਟਗਿਣਤੀ ਭਾਈਚਾਰਿਆਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ 1950 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਹਮਰੁਤਬਾ ਲਿਆਕਤ ਅਲੀ ਖਾਨ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤੀ ਸਿੱਖਾਂ ਦੇ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਣ ਦਾ ਫੈਸਲਾ ਕੀਤਾ ਗਿਆ ਸੀ।ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਆਖਿਆ ਕਿ ਅਪ੍ਰੈਲ ਮਹੀਨੇ ਖਾਲਸਾ ਸਾਜਨਾ ਦਿਵਸ ਵਿਸਾਖੀ, ਜੂਨ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਵਰਗੇ ਮੌਕਿਆਂ ਉੱਤੇ ਸਿੱਖ ਜਥੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਾਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸਮੇਂ-ਸਮੇਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਅਤੇ ਜੰਗਾਂ-ਯੁੱਧਾਂ ਵੇਲੇ ਕੁਝ ਸਮੇਂ ਲਈ ਇਹ ਯਾਤਰਾ ਜ਼ਰੂਰ ਪ੍ਰਭਾਵਿਤ ਹੁੰਦੀ ਰਹੀ ਪਰ ਕਦੇ ਵੀ ਲੰਬੇ ਸਮੇਂ ਲਈ ਇਸ ਨੂੰ ਮੁਲਤਵੀ ਨਹੀਂ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਭਾਰਤ ਸਰਕਾਰ ਵਲੋਂ ਇਜਾਜ਼ਤ ਨਾ ਦੇਣਾ ਸਿੱਖਾਂ ਦੇ ਅਧਿਕਾਰਾਂ ਦੀ ਉਲੰਘਣਾ ਅਤੇ ਸਰਕਾਰ ਦਾ ਦੋਹਰਾ ਵਿਹਾਰ ਹੈ। ਕਿਉਂਕਿ ਇਕ ਪਾਸੇ ਤਾਂ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਚੱਲ ਰਹੇ ਹਨ। ਏਸ਼ੀਆ ਕੱਪ 2025 ਵਿਚ 14 ਸਤੰਬਰ ਨੂੰ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਮੈਚ ਦੁਬਈ ਵਿਚ ਖੇਡੇ ਗਏ ਅਤੇ ਭਾਵੇਂ ਸਟੇਡੀਅਮ ਵਿਚ ਭੀੜ ਘੱਟ ਸੀ ਪਰ ਮੈਚ ਨੂੰ ਰੋਕਿਆ ਨਹੀਂ ਗਿਆ। ਦੂਜੇ ਪਾਸੇ 1950 ਦੇ ਇਤਿਹਾਸਕ ਨਹਿਰੂ-ਲਿਆਕਤ ਅਲੀ ਪੈਕਟ ਦੇ ਅਨੁਸਾਰ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਸੁਰੱਖਿਆ ਦੇ ਨਾਮ ‘ਤੇ ਰੋਕਿਆ ਜਾਣਾ ਸਮਝ ਤੋਂ ਬਾਹਰ ਹੈ । ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਵਾਲ ਕੀਤਾ ਕਿ ਹਿੰਦੂ ਭਾਈਚਾਰੇ ਦੀ ਪਵਿੱਤਰ ਅਮਰਨਾਥ ਯਾਤਰਾ ਉੱਤੇ ਕਈ ਵਾਰ ਅੱਤਵਾਦੀ ਧਮਕੀਆਂ ਅਤੇ ਹਮਲਿਆਂ ਦੇ ਬਾਵਜੂਦ ਇਸ ਨੂੰ ਕਦੇ ਵੀ ਰੋਕਿਆ ਨਹੀਂ ਗਿਆ। ਉਦਾਹਰਣ ਵਜੋਂ ਸਾਲ 2000 ‘ਚ ਪਹਿਲਗਾਓਂ ਵਿਚ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਹੋਏ ਅੱਤਵਾਦੀ ਹਮਲੇ ਵਿਚ 32 ਲੋਕ ਬੇਗੁਨਾਹੀ ਮੌਤ ਮਰੇ ਸਨ। ਇਸੇ ਤਰ੍ਹਾਂ ਸਾਲ 2017 ਵਿਚ ਪਹਿਲਗਾਓਂ ਨੇੜੇ ਅਮਰਨਾਥ ਯਾਤਰੀਆਂ ਉੱਤੇ ਹਮਲੇ ਦੌਰਾਨ 8 ਲੋਕ ਮਾਰੇ ਗਏ ਅਤੇ 19 ਜ਼ਖਮੀ ਹੋਏ ਪਰ ਇਸ ਦੇ ਬਾਵਜੂਦ ਸਖਤ ਸੁਰੱਖਿਆ ਹੇਠ ਇਹ ਯਾਤਰਾ ਹਮੇਸ਼ਾ ਜਾਰੀ ਰਹੀ ਪਰ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਹੈ ਤਾਂ ਸੁਰੱਖਿਆ ਦੇ ਨਾਮ ਹੇਠ ਸਿੱਖਾਂ ਨੂੰ ਆਪਣੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਹੀ ਰੋਕ ਦਿੱਤਾ ਜਾਂਦਾ ਹੈ। ਜਦੋਂਕਿ ਪਾਕਿਸਤਾਨ ਵਿੱਚ ਸਿੱਖ ਯਾਤਰੀਆਂ ਨੂੰ ਉੱਚ ਪੱਧਰੀ ਸੁਰੱਖਿਆ ਮਿਲਦੀ ਹੈ ਅਤੇ ਹਰ ਸਾਲ ਹਜ਼ਾਰਾਂ ਯਾਤਰੀ ਪਾਕਿਸਤਾਨ ਦੀ ਸੁਰੱਖਿਅਤ ਯਾਤਰਾ ਕਰਕੇ ਵਾਪਸ ਆਉਂਦੇ ਹਨ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਭਾਜਪਾ ਦੇ ਨੇਤਾ ਅਕਸਰ ਗਿਲ੍ਹਾ ਕਰਦੇ ਹਨ ਕਿ ਪੰਜਾਬ ਦੇ ਸਿੱਖ ਉਨ੍ਹਾਂ ਉੱਤੇ ਯਕੀਨ ਨਹੀਂ ਕਰਦੇ, ਪਰ ਅਜਿਹੇ ਫੈਸਲੇ ਇਸ ਬੇਵਿਸ਼ਵਾਸੀ ਨੂੰ ਹੋਰ ਵਧਾਉਂਦੇ ਹਨ। ਇਹ ਫੈਸਲੇ ਨਾ-ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਬਲਕਿ ਭਾਰਤ-ਪਾਕਿਸਤਾਨ ਸਬੰਧਾਂ ਨੂੰ ਵੀ ਖਰਾਬ ਕਰਦੇ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ‘ਨਹਿਰੂ-ਲਿਆਕਤ ਅਲੀ ਪੈਕੇਟ: 1950’ ਦਾ ਸਤਿਕਾਰ ਕਰਦੇ ਹੋਏ ਸਿੱਖ ਜਥਿਆਂ ਨੂੰ ਪਹਿਲਾਂ ਵਾਂਗ ਹੀ ਗੁਰਪੁਰਬਾਂ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜਣ ਦਾ ਫੈਸਲਾ ਕਰਨਾ ਚਾਹੀਦਾ ਹੈ। ਇਹ ਨਾ-ਸਿਰਫ ਸਿੱਖ ਭਾਈਚਾਰੇ ਨੂੰ ਨਿਆਂ ਦੇਵੇਗਾ ਬਲਕਿ ਅਸਲ ਰਾਸ਼ਟਰਵਾਦ ਨੂੰ ਮਜ਼ਬੂਤ ਕਰੇਗਾ।