ਨਵੀਂ ਦਿੱਲੀ :
ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ’ਤੇ ਦਿੱਲੀ ਸਰਕਾਰ ’ਚ ਨੌਕਰੀ ਲੈਣ ’ਚ ਆ ਰਿਹਾ ਅੜਿੱਕਾ ਦੂਰ ਹੋ ਗਿਆ ਹੈ। ਕਈ ਮ੍ਰਿਤਕਾਂ ਦੇ ਆਸ਼ਰਿਤ ਪਤਨੀ ਜਾਂ ਬੱਚੇ ਦੀ ਉਮਰ ਵੱਧ ਹੋਣ ਕਾਰਨ ਉਹ ਨੌਕਰੀ ਲਈ ਅਯੋਗ ਹੋ ਗਏ ਸਨ। ਹੁਣ ਅਜਿਹੇ ਆਸ਼ਰਿਤਾਂ ਦੇ ਬੱਚੇ ਵੀ ਨੌਕਰੀ ਲਈ ਅਰਜ਼ੀ ਦੇ ਸਕਣਗੇ। ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ’ਚ ਬੁੱਧਵਾਰ ਨੂੰ ਹੋਈ ਦਿੱਲੀ ਸਰਕਾਰ ਦੀ ਕੈਬਨਿਟ ਬੈਠਕ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਮਾਰੇ ਗਏ ਲੋਕਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ’ਤੇ ਰੁਜ਼ਗਾਰ ਪ੍ਰਦਾਨ ਕਰਨ ਦੀ ਨੀਤੀ ਤਹਿਤ ਸਬੰਧਤ ਫ਼ੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਕਈ ਮ੍ਰਿਤਕਾਂ ਦੇ ਆਸ਼ਰਿਤ ਹੁਣ 50 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋ ਚੁੱਕੇ ਹਨ। ਉਹ ਨੌਕਰੀ ਹਾਸਲ ਕਰਨ ਦੀ ਸਥਿਤੀ ’ਚ ਨਹੀਂ ਹਨ। ਉਨ੍ਹਾਂ ਨੂੰ ਪਰਿਵਾਰ ਦੀ ਅਗਲੀ ਪੀੜ੍ਹੀ ਜਿਵੇਂ ਪੁੱਤਰ, ਪੁੱਤਰੀ, ਨੂੰਹ ਜਾਂ ਦਾਮਾਦ ਨੂੰ ਨੌਕਰੀ ਲਈ ਨਾਮਜ਼ਦ ਕਰਨ ਦਾ ਬਦਲ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਨਵੀਂ ਨੀਤੀ ’ਚ ਉਮਰ ਹੱਦ ਤੇ ਵਿੱਦਿਅਕ ਯੋਗਤਾ ’ਚ ਜ਼ਰੂਰੀ ਛੋਟ ਦਿੱਤੀ ਗਈ ਹੈ। ਇਹ ਸਾਰੀ ਵਿਵਸਥਾ ਦਿੱਲੀ ਹਾਈ ਕੋਰਟ ਦੇ ਨਿਰਦੇਸ਼ ਤੇ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਹੋਵੇਗੀ।

