ਅੰਮ੍ਰਿਤਸਰ : 
ਯੂਐੱਮਬੀ ਮਿਸਿਜ਼ ਇੰਡੀਆ 2025 ਦਾ ਖਿਤਾਬ ਜਿੱਤਣ ਵਾਲੀ ਡਾ. ਸੇਹਰ ਓਮ ਪ੍ਰਕਾਸ਼ ਅਤੇ ਉਨ੍ਹਾਂ ਨਾਲ ਗੀਤਾਂਜਲੀ ਓਮ ਪ੍ਰਕਾਸ਼ ਏਲੀਟ ਮਿਸਿਜ਼ ਇੰਡੀਆ 2025-ਫਸਟ ਰਨਰਜ਼ਅੱਪ ਤੇ ਮੋਨਿਕਾ ਉਪਲ ਏਲੀਟ ਮਿਸਿਜ਼ ਇੰਡੀਆ 2025-ਡਾਇਰੈਕਟਰਜ਼ ਚੁਆਇਸ ਯੂਐੱਮਬੀ ਪੇਜੈਂਟਸ ਦੇ ਰਾਸ਼ਟਰੀ ਖਿਤਾਬ ਜੇਤੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਜੇਤੂਆਂ ਦੇ ਨਾਲ ਯੂਐੱਮਬੀ ਪੇਜੈਂਟਸ ਦੀ ਸੰਸਥਾਪਕ ਅਤੇ ਸੀਈਓ ਉਰਮੀ ਮਾਲਾ ਬਰੂਆ ਅਤੇ ਡਾਇਰੈਕਟਰ ਪਾਰਸ ਵਾਲੀਆ ਵੀ ਸਨ। ਤਿੰਨਾਂ ਜੇਤੂਆਂ ਨੂੰ 21 ਦਸੰਬਰ ਨੂੰ ਜੈਪੁਰ ਵਿਚ ਹੋਏ ਯੂਐੱਮਬੀ ਪੇਜੈਂਟਸ ਨੈਸ਼ਨਲ ਫਾਈਨਲ ਵਿਚ ਖਿਤਾਬ ਦਿੱਤੇ ਗਏ। ਇਸ ਮੁਕਾਬਲੇ ਲਈ 2,000 ਤੋਂ ਵੱਧ ਔਰਤਾਂ ਨੇ ਅਪਲਾਈ ਕੀਤਾ ਸੀ ਅਤੇ 111 ਫਾਈਨਲਿਸਟਾਂ ਨੇ ਚਾਰ ਯੂਐੱਮਬੀ ਦੀਆਂ ਚਾਰ ਸ਼੍ਰੇਣੀਆਂ ਮਿਸ, ਮਿਸਿਜ਼, ਮਿਸ, ਅਤੇ ਏਲੀਟ ਮਿਸਿਜ਼ ਵਿਚ ਭਾਗ ਲਿਆ। ਮੁਕਾਬਲੇਬਾਜ਼ਾਂ ਨੇ ਗ੍ਰੈਂਡ ਫਿਨਾਲੇ ਤੱਕ ਪਹੁੰਚਣ ਤੋਂ ਪਹਿਲਾਂ ਤੀਬਰ ਸਿਖਲਾਈ, ਸਲਾਹ, ਸੰਚਾਰ ਅਤੇ ਸ਼ਖਸੀਅਤ ਵਿਕਾਸ ਸੈਸ਼ਨ, ਨਿੱਜੀ ਇੰਟਰਵਿਊ, ਸਟਾਈਲਿੰਗ ਅਤੇ ਰੈਂਪ ਵਾਕ ਮੁਲਾਂਕਣ ਕੀਤੇ। ਜਿਊਰੀ ਵਿਚ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਸ਼ਾਮਲ ਸਨ। ਇਹ ਐਡੀਸ਼ਨ ਭਾਰਤੀ ਸੁੰਦਰਤਾ ਮੁਕਾਬਲਿਆਂ ਦੇ ਇਤਿਹਾਸ ਵਿਚ ਇਤਿਹਾਸਕ ਪਲ ਸੀ, ਜਿੱਥੇ ਇੱਕ ਮਾਂ, ਧੀ ਅਤੇ ਸੱਸ ਨੇ ਨਾ ਸਿਰਫ਼ ਹਿੱਸਾ ਲਿਆ ਬਲਕਿ ਵੱਖ-ਵੱਖ ਸ਼੍ਰੇਣੀਆਂ ਵਿਚ ਰਾਸ਼ਟਰੀ ਖਿਤਾਬ ਵੀ ਜਿੱਤੇ। ਇਹ ਪ੍ਰਾਪਤੀ ਯੂਐੱਮਬੀ ਦੇ ਸਮਾਵੇਸ਼, ਵਿਅਕਤੀਤਵ ਅਤੇ ਜੀਵਨ ਦੇ ਵੱਖ-ਵੱਖ ਪੜਾਵਾਂ ’ਤੇ ਔਰਤਾਂ ਦੀ ਪ੍ਰਤੀਨਿਧਤਾ ਵਿਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਯੂਐੱਮਬੀ ਪੇਜੈਂਟਸ ਦੀ ਸੰਸਥਾਪਕ ਅਤੇ ਸੀਈਓ ਉਰਮੀ ਮਾਲਾ ਬਰੂਆ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਔਰਤਾਂ ਲਈ ਇਹ ਵੱਡੀ ਉਪਲੱਬਧੀ ਹਾਸਲ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਡਾ. ਸੇਹਰ ਓਮ ਪ੍ਰਕਾਸ਼ 28 ਸਤੰਬਰ ਤੋਂ 5 ਅਕਤੂਬਰ 2026 ਤੱਕ ਬੋਤਸਵਾਨਾ ਦੇ ਗੈਬਰੋਨ ਵਿੱਚ ਹੋਣ ਵਾਲੇ 49ਵੇਂ ਮਿਸਿਜ਼ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ, ਜਿਸ ਵਿੱਚ 130-140 ਦੇਸ਼ ਹਿੱਸਾ ਲੈਣਗੇ। ਇਸ ਦੌਰਾਨ ਗੀਤਾਂਜਲੀ ਓਮ ਪ੍ਰਕਾਸ਼ ਮਾਰਚ 2026 ਵਿੱਚ ਮਲੇਸ਼ੀਆ ਵਿੱਚ ਹੋਣ ਵਾਲੇ ਮਿਸਿਜ਼ ਵਰਲਡ ਇੰਟਰਨੈਸ਼ਨਲ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਯੂਐੱਮਬੀ ਪੇਜੈਂਟਸ ਨੇ ਪਿਛਲੇ ਸਾਲਾਂ ਵਿਚ ਆਪਣੀ ਗਲੋਬਲ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ ਅਤੇ ਆਪਣੇ ਜੇਤੂਆਂ ਨੂੰ ਅੰਤਰਰਾਸ਼ਟਰੀ ਪਲੇਟਫਾਰਮਾਂ ’ਤੇ ਮੌਕੇ ਪ੍ਰਦਾਨ ਕੀਤੇ ਹਨ। ਪਲੇਟਫਾਰਮ ਨੇ 48 ਸਾਲਾਂ ਵਿਚ ਭਾਰਤ ਦੇ ਪਹਿਲੇ ਮਿਸਿਜ਼ ਯੂਨੀਵਰਸ ਖਿਤਾਬ ਵਿਚ ਵੀ ਮੁੱਖ ਭੂਮਿਕਾ ਨਿਭਾਈ।
ਛੇ ਇੰਚ ਦੀ ਹੀਲ ਨਾਲ ਤੁਰਨਾ ਆਤਮ-ਵਿਸ਼ਵਾਸ ਵਧਾਉਂਦਾ : ਡਾ. ਸੇਹਰ
ਡਾ. ਸੇਹਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਪਲੇਟਫਾਰਮ ਵਿਚ ਦਾਖਲ ਹੋਣ ਨਾਲ ਉਸ ਦਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਬਦਲ ਗਿਆ ਹੈ। ਸਿਖਲਾਈ ਬਹੁਤ ਸਖ਼ਤ ਹੈ। ਛੇ ਇੰਚ ਦੀ ਹੀਲ ਨਾਲ ਆਤਮ-ਵਿਸ਼ਵਾਸ ਨਾਲ ਚੱਲਣਾ, ਭਾਵਨਾਤਮਕ ਉਤਰਾਅ-ਚੜ੍ਹਾਅ ਨੂੰ ਸਹਿਣਾ ਅਤੇ ਫਿਰ ਵੀ ਹਰ ਰੋਜ਼ ਮਜ਼ਬੂਤ ਬਣਨਾ। ਏਲੀਟ ਮਿਸਿਜ਼ ਇੰਡੀਆ 2025-ਫਸਟ ਰਨਰਜ਼ਅੱਪ ਗੀਤਾਂਜਲੀ ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਪਲੇਟਫਾਰਮ ਨੇ ਮੈਨੂੰ ਆਤਮ ਵਿਸ਼ਵਾਸ, ਧੀਰਜ ਅਤੇ ਸੰਤੁਲਨ ਸਿਖਾਇਆ ਹੈ। ਇਹ ਸਵੈ-ਖੋਜ ਦੀ ਯਾਤਰਾ ਹੈ ਜੋ ਤਾਜ ਜਿੱਤਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਇਸ ਦੌਰਾਨ ਏਲੀਟ ਮਿਸਿਜ਼ ਇੰਡੀਆ 2025 – ਡਾਇਰੈਕਟਰਜ਼ ਚੁਆਇਸ ਮੋਨਿਕਾ ਉੱਪਲ ਨੇ ਕਿਹਾ ਕਿ ਸਨਮਾਨਿਤ ਹੋਣਾ ਬਹੁਤ ਖਾਸ ਹੈ।

