ਜਲੰਧਰ ਮੇਜਰ ਟਾਈਮਸ ਬਿਉਰੋ:
ਥਾਣਾ ਡਵੀਜ਼ਨ ਇਕ ਅਧੀਨ ਆਉਂਦੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਬਾਹਰ ਮਕਸੂਦਾਂ ਪੁਲ ਉਤਰਦੇ ਸਾਰ ਦੇ ਹੀ ਐਕਟੀਵਾ ਸਵਾਰ ਤਿੰਨ ਨੌਜਵਾਨ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ’ਚੋਂ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਦੋ ਨੌਜਵਾਨ ਜਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਨਾਂ ’ਚੋਂ ਇਕ ਨੌਜਵਾਨ ਹਾਦਸੇ ਉਪਰੰਤ ਆਪਣੇ-ਆਪ ਹੀ ਘਰ ਚਲੇ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਮੇਹਰਚੰਦ ਪੋਲੀਟੈਕਨਿਕ ਕਾਲਜ ਤੋਂ ਛੁੱਟੀ ਕਰ ਕੇ ਦੇਰ ਸ਼ਾਮ ਘਰ ਵਾਪਸ ਜਾ ਰਹੇ ਸੀ ਤਾਂ ਜਦ ਮਕਸੂਦਾਂ ਤੋਂ ਸ਼ਹੀਦ ਭਗਤ ਸਿੰਘ ਕਾਲੋਨੀ ਦਾ ਪੁਲ ਉਤਰਨ ਲੱਗੇ ਤਾਂ ਉਹ ਅੱਗੇ ਜਾ ਰਹੀ ਇਕ ਕਰੇਨ ਨੂੰ ਓਵਰਟੇਕ ਕਰਨ ਲੱਗੇ ਤਾਂ ਪਿੱਛੋਂ ਆਈ ਇਕ ਹੋਰ ਕਾਰ ਨੂੰ ਦੇਖ ਕੇ ਉਹ ਘਬਰਾ ਕੇ ਹੇਠਾਂ ਡਿੱਗ ਗਏ। ਜਿਨ੍ਹਾਂ ਨੂੰ ਪਿੱਛੋਂ ਆ ਰਹੇ ਥਾਣਾ ਡਿਵੀਜ਼ਨ ਇਕ ਦੇ ਪੁਲਿਸ ਮੁਲਾਜ਼ਮ ਅਮਰਜੀਤ ਵੱਲੋਂ ਮੁਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਰੂਪ ’ਚ ਜ਼ਖਮੀ ਨੌਜਵਾਨ ਵਿਦਿਆਰਥੀ ਸੁਮਿਤ ਵਾਸੀ ਰਾਜਾ ਗਾਰਡਨ ਨੇ ਦੱਸਿਆ ਕਿ ਉਹ ਤਿੰਨੇ ਨੌਜਵਾਨ ਮੇਹਰ ਚੰਦ ਪੋਲੀਟੈਕਨਿਕ ’ਚ ਕੰਪਿਊਟਰ ਸਾਫਟਵੇਅਰ ਦਾ ਕੋਰਸ ਕਰ ਦੇ ਸਨ। ਗੰਭੀਰ ਜ਼ਖਮੀ ਦੀ ਹਸਪਤਾਲ ’ਚ ਜੇਰੇ ਇਲਾਜ ਮੌਤ ਹੋ ਗਈ। ਜਿਸ ਦੀ ਪਛਾਣ ਬਿੱਟੂ ਕੁਮਾਰ ਪੁੱਤਰ ਰਣਜੀਤ ਭਾਰਤੀ (21) ਮੂਲ ਵਾਸੀ ਬਿਹਾਰ ਹਾਲ ਵਾਸੀ ਸਾਹਨੀ ਫੈਕਟਰੀ ਫੋਕਲ ਪੁਆਇੰਟ, ਜਲੰਧਰ ਵਜੋਂ ਹੋਈ ਹੈ। ਜੋ ਐਕਟਿਵਾ ਚਾਲਕ ਦੇ ਪਿੱਛੇ ਬੈਠਾ ਹੋਇਆ ਸੀ ਤੇ ਤੀਜੇ ਨੰਬਰ ’ਤੇ ਬੈਠੇ ਨੌਜਵਾਨ ਵਿਦਿਆਰਥੀ ਦੀ ਪਛਾਣ ਅਖਿਲ ਪੁੱਤਰ ਰਾਜ ਕੁਮਾਰ ਵਾਸੀ ਬਚਿੰਤ ਨਗਰ, ਜਲੰਧਰ ਵਜੋਂ ਹੋਈ ਹੈ। ਮੌਕੇ ’ਤੇ ਜਾਂਚ ਕਰਨ ਪੁੱਜੇ ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰਵਾਈ ਜਾ ਰਹੀ, ਫਿਲਹਾਲ ਉਨ੍ਹਾਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਜੇ ਹੈਲਮਟ ਪਾਇਆ ਹੁੰਦਾ ਤਾਂ ਪੁੱਤਰ ਬਚ ਜਾਂਦਾ ਮ੍ਰਿਤਕ ਨੌਜਵਾਨ ਬਿੱਟੂ ਕੁਮਾਰ ਦੇ ਪਿਤਾ ਰਣਜੀਤ ਭਾਰਤੀ ਨੇ ਦੱਸਿਆ ਕਿ ਉਸਦਾ ਪੁੱਤਰ ਬਿੱਟੂ ਕੁਮਾਰ ਪੜ੍ਹਨ ’ਚ ਬਹੁਤ ਹੁਸ਼ਿਆਰ ਸੀ। ਉਸ ਦਾ ਕਹਿਣਾ ਹੈ ਕਿ ਪੜ੍ਹਿਆ-ਲਿਖਿਆ ਹੋਣ ਕਰ ਕੇ ਜ਼ਿਆਦਾਤਰ ਉਹ ਹੀ ਘਰ ਦੇ ਕੰਮ ਕਰਦਾ ਸੀ। ਪਛਤਾਉਂਦੀਆਂ ਹੋਇਆ ਉਸ ਨੇ ਕਿਹਾ ਕਿ ਜੇਕਰ ਉਸਦੇ ਪੁੱਤਰ ਨੇ ਹੈਲਮਟ ਪਾਇਆ ਹੁੰਦਾ ਤਾਂ ਸ਼ਾਇਦ ਉਸਦੀ ਮੌਤ ਨਾ ਹੁੰਦੀ।