,ਫਿਰੋਜ਼ਪੁਰ :
ਕੇਂਦਰ ਸਰਕਾਰ ਦੀ ਮਾਲਕੀ ਵਾਲੀਆਂ ਜਿਹੜੀਆਂ ਜ਼ਮੀਨਾਂ ਦੀ ਕਿਸਾਨਾਂ ਦੇ ਨਾਂਅ ’ਤੇ ਗਿਰਦਾਵਰੀ ਨਹੀਂ ਹੈ ,ਉਨ੍ਹਾਂ ਨੂੰ ਵੀ ਮੁਆਵਜ਼ਾ ਦੁਆਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।ਇਸ ਸਬੰਧੀ ਤਰੀਕਾ ਏ ਕਾਰ ਇਹ ਬਣ ਸਕਦਾ ਹੈ ਕਿ ਪਿੰਡ ਦਾ ਸਰਪੰਚ ,ਨੰਬਰਦਾਰ ਜਾਂ ਤਹਿਸੀਲਦਾਰ ਇਹ ਤਸਦੀਕ ਕਰ ਦੇਵੇ ਕਿ ਫਲਾਣੇ ਕਿਸਾਨ ਦੀ ਕਿੰਨੀਂ ਜ਼ਮੀਨ ਹੜ੍ਹ ਦੀ ਮਾਰ ਹੇਠ ਆਈ ਹੈ, ਉਸ ਸਬੰਧੀ ਉਨ੍ਹਾਂ ਨੂੰ ਮੁਆਵਜ਼ਾ ਦੁਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੁਸ਼ਨ ਚੋਧਰੀ ਅਤੇ ਭਾਜਪਾ ਸੀਵੀਸੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਥਾਨਕ ਅਲੀਜ਼ਾ ਹੋਟਲ ਵਿਖੇ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।ਕੇਂਦਰੀ ਰਾਜ ਮੰਤਰੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਇਕ ਸਵਾਲ ਦੇ ਜਵਾਬ ਵਿਚ ਭਾਜਪਾ ਆਗੂ ਨੇ ਆਖਿਆ ਕਿ ਅਸੀਂ ਮੰਨਦੇ ਹਾਂ ਕਿ ‘‘ਨਾਨ ਰਿਪੇਰੀਅਨ ਸਟੇਟਸ ਹਰਿਆਣਾ ਅਤੇ ਰਾਜਸਥਾਨ ਨੂੰ ਬੀਬੀਐਮਬੀ ਵਿਚ ਮੈਂਬਰ ਬਣਾਇਆ ਜਾਣਾ ਪੰਜਾਬ ਨਾਲ ਧੱਕਾ ਹੈ,ਪਰ ਇਹ ਅੱਜ ਤਾਂ ਮੈਂਬਰ ਨਹੀਂ ਬਣੇ,ਇਹ ਤਾਂ ਭਾਖੜਾ ਡੈਮ ਬਣਨ ਤੋਂ ਹੀ ਬੀਬੀਐਮਬੀ ਵਿਚ ਮੈਂਬਰ ਹਨ।’‘ਉਨ੍ਹਾਂ ਨਾਲ ਹੀ ਆਖਿਆ ਕਿ ਅੱਜ ਇਸ ਮੁੱਦੇ ’ਤੇ ਚਰਚਾ ਕਰਨ ਦਾ ਸਮਾਂ ਨਹੀਂ ਹੈ,ਪੰਜਾਬ ਮੁਸ਼ਕਿਲ ਦੇ ਦੌਰ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਪੰਜਾਬ ਦੀ ਚਿੰਤਾ ਹੈ,ਇਸ ਲਈ ਉਨ੍ਹਾਂ ਮੈਨੂੰ ਫੌਰੀ ਤੌਰ ’ਤੇ ਪੰਜਾਬ ਜਾਣ ਲਈ ਆਖਿਆ ਸੀ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਖਿਆ ਕਿ ਕੇਂਦਰ ਨੇ 1600 ਕਰੋੜ ਰੁਪਏ ਮਦਦ ਦਿੱਤੀ ਹੈ। ਸੂਬਾ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਕੀਤਾ ਐਲਾਨ ਇਸ ਵਿਚ ਮਿਕਸ ਨਹੀਂ ਕੀਤਾ ਜਾਣਾ ਚਾਹੀਦਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੁਮੀਤ ਸਿੰਘ ਹੀਰਾ ਸੋਢੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ‘ਬੌਬੀ ਬਾਠ’ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਦਵਿੰਦਰ ਜੰਗ, ਰਜੇਸ਼ ਨਿੰਦੀ, ਇੰਦਰ ਗੁੱਪਤਾ ,ਡੀ ਪੀ ਚੰਦਨ ,ਐਡਵੋਕੇਟ ਸੁਰਿੰਦਰ ਸਿੰਘ ਸਿੱਧੂ ,ਅੰਮ੍ਰਿਤਪਾਲ ਸਿੰਘ,ਅਸ਼ੋਕ ਬਹਿਲ, ਕੁਲਜਿੰਦਰ ਸਿੰਘ ਕੁੱਲ ਅਤੇ ਹੋਰ ਵੀ ਹਾਜ਼ਰ ਸਨ।
ਕ੍ਰਿਕਟ ਮੈਚ ਨੂੰ ਹਾਂ ਅਤੇ ਪੰਜਾਬੀ ਫਿਲਮਾਂ ਨੂੰ ਨਾਂਹ ਦੇ ਪੱਖਪਾਤ ’ਤੇ ਅਸਹਿਜ਼ ਨਜ਼ਰ ਆਏ ਭਾਜਪਾ ਆਗੂ
ਇਸ ਮੌਕੇ ਪੱਤਰਕਾਰਾਂ ਵੱਲੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਪਾਕਿਸਤਾਨ ਖਿਲਾਫ ਹੋਏ ਆਪ੍ਰੇਸ਼ਨ ਸਿੰਧੂਰ ਮਗਰੋਂ ਪੰਜਾਬੀ ਫਿਲਮਾਂ ਨੂੰ ਤਾਂ ਰਿਲੀਜ਼ ਕੀਤੇ ਜਾਣ ਦੀ ਮਨਜੂਰੀ ਨਹੀਂ ਦਿੱਤੀ ਗਈ ,ਜਦਕਿ ਭਾਰਤ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਕਰਵਾਇਆ ਜਾਣਾ ਕੀ ਪੰਜਾਬੀਆਂ ਨਾਲ ਪੱਖਪਾਤ ਨਹੀਂ ਹੈ ਤਾਂ ਇਸ ਸਬੰਧੀ ਕੇਂਦਰੀ ਰਾਜ ਮੰਤਰੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੋਵੇਂ ਹੀ ਕਾਫੀ ਅਸਹਿਜ਼ ਨਜ਼ਰ ਆਏ।ਹਾਲਾਂਕਿ ਕੇਂਦਰੀ ਮੰਤਰੀ ਨੇ ਗੋਲਮੋਲ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਨ੍ਹਾਂ ਦੇ ਲਫਜ਼ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਸਨ।