ਜਲੰਧਰ :
ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਬਾਹਰ ਰੋਸ ਪ੍ਰਗਟ ਕਰ ਰਹੇ ਮੁਸਲਿਮ ਸਮਾਜ ਦੇ ਮੈਂਬਰਾਂ ਨਾਲ ਉੱਥੋਂ ਲੰਘ ਰਹੇ ਯੋਗੇਸ਼ ਮੈਨੀ ਨਾਮਕ ਨੌਜਵਾਨ ਵੱਲੋਂ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਤੋਂ ਬਾਅਦ ਹੋਏ ਵਿਵਾਦ ਦੇ ਮਾਮਲੇ ’ਚ ਸ਼ਨਿਚਰਵਾਰ ਨੂੰ ਹਿੰਦੂ ਜਥੇਬੰਦੀਆਂ ਤੇ ਭਾਜਪਾ ਨੇਤਾਵਾਂ ਨੇ ਸੰਤ ਸਮਾਜ ਦੀ ਅਗਵਾਈ ’ਚ ਸ਼੍ਰੀ ਰਾਮ ਚੌਕ ’ਚ ਦੋ ਘੰਟਿਆਂ ਤੱਕ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਯੋਗੇਸ਼ ਮੈਨੀ ਨਾਲ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਦੇ ਵਿਰੋਧ ’ਚ ਕੁੱਟਮਾਰ ਕੀਤੀ ਹੈ। ਇਸ ਕਰ ਕੇ ਯੋਗੇਸ਼ ਮੈਨੀ ਨਾਲ ਮਾਰਕੁੱਟ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਹੋਣੀ ਚਾਹੀਦੀ ਹੈ। ਧਰਨਾ ਵਾਲੀ ਥਾਂ ’ਤੇ ਪੁੱਜੇ ਜੁਆਇੰਟ ਸੀਪੀ ਸੰਦੀਪ ਸ਼ਰਮਾ ਤੇ ਡੀਸੀਪੀ ਨਰੇਸ਼ ਡੋਗਰਾ ਨੂੰ ਮੰਗ-ਪੱਤਰ ਸੌਂਪਦਿਆਂ ਕਾਰਵਾਈ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ। ਉੱਧਰ, ਮੁਸਲਿਮ ਸਮਾਜ ਦੇ ਮੈਂਬਰਾਂ ਨੇ ਮੁਸਲਿਮ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਦੀ ਅਗਵਾਈ ’ਚ ਸ਼ਨਿਚਰਵਾਰ ਸ਼ਾਮ ਪਹਿਲਾਂ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਕੇ ਦੋਸ਼ ਲਾਇਆ ਕਿ ਯੋਗੇਸ਼ ਮੈਨੀ ਮੁਸਲਿਮ ਸਮਾਜ ਨੂੰ ਵਾਰ-ਵਾਰ ਉਕਸਾਉਂਦਾ ਹੈ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਕੇ.ਡੀ. ਭੰਡਾਰੀ, ਅਮਿਤ ਤਨੇਜਾ, ਸੁਸ਼ੀਲ ਸ਼ਰਮਾ ਤੇ ਅਮਿਤ ਭਾਟੀਆ ਨਾਲ ਮਿਲੀਭੁਗਤ ਕਰ ਕੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਕੋਲ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਰੱਖੀ। ਕਾਬਿਲੇਗ਼ੌਰ ਹੈ ਕਿ ਜ਼ਿਲ੍ਹੇ ਦੇ ਮੁਸਲਿਮ ਜਥੇਬੰਦੀਆਂ ਵੱਲੋਂ ਉੱਤਰ ਪ੍ਰਦੇਸ਼ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ’ਤੇ ਝੂਠੇ ਕੇਸ ਦਰਜ ਕਰਨ ਤੇ ਉਨ੍ਹਾਂ ’ਤੇ ਕਾਰਵਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਚੌਕ ਤੋਂ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਬਾਹਰ ਬੈਠ ਕੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੋਂ ਲੰਘ ਰਹੇ ਯੋਗੇਸ਼ ਮੈਨੀ ਨਾਮਕ ਇਕ ਨੌਜਵਾਨ ਵੱਲੋਂ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਉਣ ਤੋਂ ਬਾਅਦ ਪੈਦਾ ਹੋਈ ਤਣਾਅਪੂਰਨ ਸਥਿਤੀ ਕਾਰਨ ਹਿੰਦੂ ਜਥੇਬੰਦੀਆਂ ਨੇ ਸੰਵਿਧਾਨ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਸੀ। ਇਸੇ ਲੜੀ ਤਹਿਤ ਸ਼ਨਿਚਰਵਾਰ ਨੂੰ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ, ਮਹੰਤ ਬਾਬਾ ਰਾਜ ਕਿਸ਼ੋਰ, ਮਹਾਮੰਡਲੇਸ਼ਵਰ ਮਹੰਤ ਬੰਸੀ ਦਾਸ ਸਮੇਤ ਸੰਤ ਸਮਾਜ ਦੀ ਅਗਵਾਈ ’ਚ ਹਿੰਦੂ ਜਥੇਬੰਦੀਆਂ ਤੇ ਭਾਜਪਾ ਨੇਤਾਵਾਂ ਨੇ ਸਵੇਰੇ 11 ਵਜੇ ਧਰਨਾ ਲਾ ਦਿੱਤਾ। ਲਗਪਗ ਦੋ ਘੰਟੇ ਤੱਕ ਚੱਲੇ ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਇਸ ਘਟਨਾਕ੍ਰਮ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਕੇਡੀ ਭੰਡਾਰੀ, ਮਨੋਰੰਜਨ ਕਾਲੀਆ, ਅਮਿਤ ਤਨੇਜਾ ਤੇ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਦੇ ਵਿਰੋਧ ’ਚ ਨੌਜਵਾਨ ਨਾਲ ਕੀਤੀ ਗਈ ਮਾਰਕੁੱਟ ਕਿਸੇ ਵੀ ਹਾਲ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਤਰ੍ਹਾਂ ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨਾ, ਸ਼ਿਵਸੈਨਾ ਨੇਤਾ ਮੁਨੀਸ਼ ਬਾਹਰੀ, ਹਿੰਦੂ ਨੇਤਾ ਯੋਗੇਸ਼ ਧੀਰ, ਭੂਵਨ ਮਲਹੋਤਰਾ, ਰਾਮ ਲੁਭਾਇਆ, ਡਿੰਪੀ ਸਚਦੇਵਾ ਤੋਂ ਇਲਾਵਾ ਸੰਤ ਸਮਾਜ ਦੇ ਮੈਂਬਰਾਂ ਨੇ ਵੀ ਵਿਚਾਰ ਰੱਖੇ। ਦੁਪਹਿਰ ਇਕ ਵਜੇ ਧਰਨਾ ਵਾਲੀ ਥਾਂ ’ਤੇ ਪੁੱਜੇ ਜੁਆਇੰਟ ਸੀਪੀ ਸੰਦੀਪ ਸ਼ਰਮਾ ਤੇ ਡੀਸੀਪੀ ਨਰੇਸ਼ ਡੋਗਰਾ ਨੂੰ ਹਿੰਦੂ ਜਥੇਬੰਦੀਆਂ ਤੇ ਭਾਜਪਾ ਨੇਤਾਵਾਂ ਨੇ ਮੰਗ ਪੱਤਰ ਦੇ ਕੇ ਤਿੰਨ ਦਿਨ ਦਾ ਸਮਾਂ ਦਿੰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਰੱਖੀ। ਉੱਥੇ ਬੂਟਾਂ ਮੰਡੀ ’ਚ ਮੁਸਲਿਮ ਭਾਈਚਾਰੇ ਨੇ ਮੁਸਲਿਮ ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਦੀ ਅਗਵਾਈ ’ਚ ਮੀਟਿੰਗ ਕੀਤੀ। ਇਸ ’ਚ ਅਯੂਬ ਖਾਨ ਤੇ ਮਜ਼ਹਰ ਆਲਮ ਸਮੇਤ ਮੁਸਲਿਮ ਨੇਤਾ ਸ਼ਾਮਲ ਹੋਏ। ਇਸ ਦੌਰਾਨ ਨਈਮ ਖਾਨ ਨੇ ਕਿਹਾ ਕਿ ਕੁਝ ਲੋਕ ਆਪਸੀ ਭਾਈਚਾਰੇ ’ਚ ਫੁੱਟ ਪਾਉਣ ਦੀ ਨੀਅਤ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਦਿਆਂ ਮੌਕੇ ਦੀ ਵੀਡੀਓ, ਸੀਸੀਟੀਵੀ ਕੈਮਰੇ ਤੇ ਯੋਗੇਸ਼ ਮੈਨੀ ਦੇ ਮੋਬਾਈਲ ਦੀ ਕਾਲ ਡੀਟੇਲ ਕੱਢਣ ਸਮੇਤ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।