ਚੰਡੀਗੜ੍ਹ 
: ਇਸ ਨੂੰ ਇਕ ਅਜੀਬ ਸੰਯੋਗ ਕਿਹਾ ਜਾ ਸਕਦਾ ਹੈ ਕਿ ਇਕ ਦੇ ਬਾਅਦ ਇਕ ਚੀਫ ਇੰਜੀਨੀਅਰ ਪੱਧਰ ਦੇ ਅਧਿਕਾਰੀਆਂ ਨੂੰ ਸੇਵਾ ਤੋਂ ਬਾਹਰ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਦੇ ਦੋ ਦਿਨ ਬਾਅਦ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਹਰਜੀਤ ਸਿੰਘ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ। ਹੁਣ ਇਹ ਪਤਾ ਚੱਲਿਆ ਹੈ ਕਿ ਪੀਡਬਲਯੂਡੀ ਦੇ ਸਾਬਕਾ ਚੀਫ ਇੰਜੀਨੀਅਰ ਤੇ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਤੋਂ ਵੀ ਅਸਤੀਫਾ ਮੰਗਿਆ ਗਿਆ ਹੈ। ਉਨ੍ਹਾਂ ਤੋਂ ਅਸਤੀਫਾ ਲੈਣ ਨੂੰ ਪੀਡਬਲਯੂਡੀ ਵਿਭਾਗ ’ਚ ਕਾਫੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਹਟਾਏ ਜਾਣੇ ਬਾਰੇ ਹਾਲਾਂਕਿ ਪੁਸ਼ਟੀ ਕਰ ਦਿੱਤੀ ਗਈ ਹੈ ਪਰ ਹਟਾਏ ਜਾਣ ਦੇ ਕਾਰਨਾਂ ਬਾਰੇ ਸਾਰੇ ਚੁੱਪ ਹਨ। ਇਕ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਹੋਰ ਵਿਭਾਗਾਂ ਦੇ ਇੰਜੀਨੀਅਰਿੰਗ ਨਾਲ ਸਬੰਧਤ ਅਧਿਕਾਰੀਆਂ ਦੀ ਇਹ ਸ਼ਿਕਾਇਤ ਸੀ ਕਿ ਪ੍ਰੋਜੈਕਟਾਂ ਦੀ ਫਾਈਲ ਤਕਨੀਕੀ ਸਲਾਹਕਾਰ ਦੇ ਦਫਤਰ ਵਿਚ ਫਸਣ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਮੁੱਖ ਸਕੱਤਰ ਦੀ ਅਗਵਾਈ ’ਚ ਹੋਣ ਵਾਲੀਆਂ ਬੈਠਕਾਂ ’ਚ ਵੀ ਕਈ ਵਿਭਾਗਾਂ ਦੇ ਸਕੱਤਰਾਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਉਸ ਸਮੇਂ ਇਹ ਫੈਸਲਾ ਲਿਆ ਗਿਆ ਕਿ ਤਕਨੀਕੀ ਸਲਾਹਕਾਰ ਤੋਂ ਅਸਤੀਫਾ ਲਿਆ ਜਾਵੇ ਤੇ ਸਾਰੇ ਕੰਮਾਂ ਲਈ ਵਿਭਾਗਾਂ ’ਚ ਬਣੀ ਹਰਾਰਕੀ ਮੁਤਾਬਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਜ਼ਿਕਰਯੋਗ ਹੈ ਕਿ ਢਾਈ ਕਰੋੜ ਰੁਪਏ ਤੋਂ ਉੱਪਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਜਦ ਤੱਕ ਤਕਨੀਕੀ ਸਲਾਹਕਾਰ ਦੀ ਮਨਜ਼ੂਰੀ ਨਹੀਂ ਮਿਲਦੀ, ਤਦ ਤੱਕ ਇਹ ਸ਼ੁਰੂ ਨਹੀਂ ਕੀਤੇ ਜਾ ਸਕਦੇ ਸਨ। ਇਹ ਅਹੁਦਾ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਬਣਾਇਆ ਸੀ ਜਦ ਉਹ ਸੰਗਤ ਦਰਸ਼ਨਾਂ ਦੌਰਾਨ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੰਦੇ ਸਨ। ਉਸ ਸਮੇਂ ਉਨ੍ਹਾਂ ਲੈਫਟੀਨੈਂਟ ਜਨਰਲ ਬੀਐੱਸ ਧਾਲੀਵਾਲ, ਜੋ ਭਾਰਤੀ ਫ਼ੌਜ ’ਚ ਇੰਜੀਨੀਅਰ ਇਨ ਚੀਫ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ, ਨੂੰ ਆਪਣਾ ਤਕਨੀਕੀ ਸਲਾਹਕਾਰ ਬਣਾਇਆ ਅਤੇ ਉਹ ਅੱਠ ਸਾਲ ਤੱਕ ਇਸ ਅਹੁਦੇ ‘ਤੇ ਬਣੇ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਸੀ।

