ਨਵੀਂ ਦਿੱਲੀ:
ਸੀਰੀਅਲ ਕਿਲਰ ਰਾਜਾ ਕੋਲੰਦਰ, ਇੱਕ ਅਜਿਹਾ ਖੌਫਨਾਕ ਅਪਰਾਧੀ ਸੀ ਜੋ ਲੋਕਾਂ ਦਾ ਕਤਲ ਕਰਕੇ ਉਨ੍ਹਾਂ ਦਾ ਸਿਰ ਧੜ ਤੋਂ ਵੱਖ ਕਰ ਦਿੰਦਾ ਸੀ। ਸਿਰਫ ਇੰਨਾ ਹੀ ਨਹੀਂ, ਇਹ ਕਿਲਰ ਲੋਕਾਂ ਦੀ ਖੋਪੜੀ ਨੂੰ ਉਬਾਲ ਕੇ ਉਸਦਾ ਸੂਪ ਬਣਾ ਕੇ ਵੀ ਪੀਂਦਾ ਸੀ। ਇਸ ਘਿਨੌਣੇ ਅਪਰਾਧ ਲਈ ਲਖਨਊ ਦੀ ਅਦਾਲਤ ਨੇ ਕੋਲੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਕੋਲੰਦਰ ਖੁਦ ਨੂੰ ਕਿਸੇ ਰਿਆਸਤ ਦਾ ਰਾਜਾ ਮੰਨਦਾ ਸੀ, ਜਦਕਿ ਉਸਦਾ ਅਸਲੀ ਨਾਮ ਰਾਮ ਨਿਰੰਜਨ ਸੀ। ਇਸ ਅਪਰਾਧੀ ਬਾਰੇ ਦੁਨੀਆ ਨੂੰ ਉਦੋਂ ਪਤਾ ਲੱਗਿਆ, ਜਦੋਂ ਉਸਨੇ ਪੱਤਰਕਾਰ ਧੀਰੇਂਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਦੋ ਨੌਜਵਾਨਾਂ ਨੂੰ ਅਗਵਾ ਕਰਨ ਤੋਂ ਬਾਅਦ ਕੀਤਾ ਕਤਲ
ਪੱਤਰਕਾਰ ਦੇ ਕਤਲ ਤੋਂ ਪਹਿਲਾਂ, ਜਨਵਰੀ 2000 ਵਿੱਚ ਦੋ ਨੌਜਵਾਨਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੇ ਨਾਮ ਮਨੋਜ ਕੁਮਾਰ ਸਿੰਘ ਅਤੇ ਰਵੀ ਸ਼੍ਰੀਵਾਸਤਵ ਸਨ। ਇਹ ਮਾਮਲਾ ਲਗਪਗ 25 ਸਾਲਾਂ ਤੱਕ ਭਾਰਤ ਦੀ ਨਿਆਂ ਪ੍ਰਣਾਲੀ ਦੇ ਗਲਿਆਰਿਆਂ ਵਿੱਚ ਅਟਕਿਆ ਰਿਹਾ। 24 ਜਨਵਰੀ 2000 ਨੂੰ ਮਨੋਜ ਅਤੇ ਰਵੀ ਆਪਣੀ ਕਾਰ ਵਿੱਚ ਲਖਨਊ ਤੋਂ ਨਿਕਲੇ ਸਨ। ਉਨ੍ਹਾਂ ਦੀ ਆਖਰੀ ਲੋਕੇਸ਼ਨ ਰਾਏਬਰੇਲੀ ਜ਼ਿਲ੍ਹੇ ਦੇ ਹਰਚੰਦਪੁਰ ਵਿੱਚ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਅਦਾਲਤ ਵਿੱਚ ਗਵਾਹੀ ਅਤੇ ਪਛਾਣ
ਅਦਾਲਤ ਨੇ ਇਸ ਮਾਮਲੇ ਵਿੱਚ 12 ਗਵਾਹਾਂ ਤੋਂ ਪੁੱਛਗਿੱਛ ਕੀਤੀ। ਸ਼ਿਵ ਹਰਸ਼ ਸਿੰਘ ਦੇ ਭਾਈ ਸ਼ਿਵ ਸ਼ੰਕਰ ਸਿੰਘ ਨੇ ਪੀੜਤਾਂ ਦੀ ਆਖਰੀ ਹਰਕਤ ਬਾਰੇ ਅਦਾਲਤ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼ਿਵ ਸ਼ੰਕਰ ਨੇ ਦੱਸਿਆ ਕਿ ਰਾਜਾ ਕੋਲੰਦਰ, ਉਸਦੀ ਪਤਨੀ ਫੂਲਨ ਦੇਵੀ ਅਤੇ ਹੋਰ ਲੋਕ ਉਸ ਵਾਹਨ ਵਿੱਚ ਮੌਜੂਦ ਸਨ। ਬਾਅਦ ਵਿੱਚ ਅਦਾਲਤ ਵਿੱਚ ਉਨ੍ਹਾਂ ਦੀ ਪਛਾਣ ਕੀਤੀ ਗਈ। ਇੱਕ ਹੋਰ ਗਵਾਹ ਅਮਰ ਨਾਥ ਸਿੰਘ ਨੇ ਦਾਅਵਾ ਕੀਤਾ ਕਿ ਉਸਨੇ ਘਟਨਾ ਵਾਲੇ ਦਿਨ ਮੁਲਜ਼ਮਾਂ ਨੂੰ ਦੇਖਿਆ ਸੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ।
ਅਦਾਲਤ ਦਾ ਫੈਸਲਾ
ਅਦਾਲਤ ਨੇ ਸਿੱਟਾ ਕੱਢਿਆ ਕਿ ਸਬੂਤ ਸਪੱਸ਼ਟ ਤੌਰ ‘ਤੇ ਅਗਵਾ, ਲੁੱਟ ਅਤੇ ਕਤਲ ਨਾਲ ਜੁੜੇ ਇੱਕ ਸੋਚੇ-ਸਮਝੇ ਅਪਰਾਧ ਵੱਲ ਇਸ਼ਾਰਾ ਕਰਦੇ ਹਨ। ਅਦਾਲਤ ਨੇ ਰਾਮ ਨਿਰੰਜਨ ਕੋਲ ਉਰਫ ਰਾਜਾ ਕੋਲੰਦਰ ਅਤੇ ਉਸਦੇ ਸਾਥੀ ਬਛਰਾਜ ਕੋਲ ਨੂੰ ਮਨੋਜ ਕੁਮਾਰ ਸਿੰਘ ਅਤੇ ਰਵੀ ਸ਼੍ਰੀਵਾਸਤਵ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ। ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ‘ਤੇ 2.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਮੁਆਵਜ਼ਾ: ਜੁਰਮਾਨੇ ਦਾ 80 ਫੀਸਦੀ ਹਿੱਸਾ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ, ਜਦਕਿ ਬਾਕੀ ਰਾਸ਼ੀ ਸਰਕਾਰ ਕੋਲ ਕਾਨੂੰਨੀ ਖਰਚਿਆਂ ਲਈ ਜਾਵੇਗੀ।

