ਲੁਧਿਆਣਾ :
ਪ੍ਰਦੇਸ਼ ਅੰਦਰ ਹਾਲ ਹੀ ’ਚ ਆਏ ਹੜ੍ਹ ਤੇ ਬਾਰਿਸ਼ ਕਾਰਨ ਪਾਵਰਕਾਮ ਦੇ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਆਪਦਾ ਕਾਰਨ ਟ੍ਰਾਂਸਫਾਰਮਰ, ਤਾਰਾਂ, ਪੋਲ ਤੇ ਗ੍ਰਿਡ ਫੀਡਰ ਸਮੇਤ ਹੋਰ ਤਕਨੀਕੀ ਉਪਕਰਨਾਂ ਨੂੰ ਲਗਪਗ 120 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਸਥਿਤੀ ਕਾਰਨ ਉਪਭੋਗਤਾਵਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਦੇਸ਼ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਵਿਭਾਗ ਨੇ ਮੇਕਓਵਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਅੰਦਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਫਗਵਾੜਾ, ਮੋਹਾਲੀ, ਮੋਗਾ, ਹੁਸ਼ਿਆਰਪੁਰ, ਪਠਾਨਕੋਟ, ਅਬੋਹਰ, ਬਟਾਲਾ ਤੇ ਕਪੂਰਥਲਾ ਵਰਗੇ ਨਗਰ ਨਿਗਮਾਂ ’ਚ ਬਿਜਲੀ ਸਿਸਟਮ ਵਿਚ ਸੁਧਾਰ ਕੀਤਾ ਜਾਵੇਗਾ। ਅਰੋੜਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਸ਼ਹਿਰਾਂ ’ਚ ਬਿਜਲੀ ਦੇ ਖੰਭਿਆਂ ‘ਤੇ ਕੇਬਲ ਦੇ ਤਾਰਾਂ ਦੇ ਗੁੱਛੇ ਤੇ ਹੇਠਾਂ ਲਟਕਦੀਆਂ ਪੁਰਾਣੀਆਂ ਤਾਰਾਂ ਹਟਾਈਆਂ ਜਾਣਗੀਆਂ। ਇਸ ਸਬੰਧੀ ਕੇਬਲ ਆਪ੍ਰੇਟਰ ਤੇ ਹੋਰ ਕੰਪਨੀਆਂ ਨਾਲ ਮੀਟਿੰਗ ਕਰ ਕੇ ਨਿਰਦੇਸ਼ ਦਿੱਤੇ ਗਏ ਹਨ। ਪਾਵਰਕਾਮ ’ਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ 2200 ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਯੋਜਨਾ ਤਹਿਤ ਕੰਮ ਅਗਲੇ ਸਾਲ ਜੂਨ 2026 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।ਬਿਜਲੀ ਮੰਤਰੀ ਨੇ ਸ਼ਨਿਚਰਵਾਰ ਨੂੰ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਰਗਦਰਸ਼ਨ ’ਚ ਬੈਠਕ ਹੋਈ ਹੈ, ਜਿਸ ’ਚ ਪੰਜਾਬ ਦੇ ਬਿਜਲੀ ਸਿਸਟਮ ਨੂੰ ਮੇਕਓਵਰ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੀਐੱਸਪੀਸੀਐੱਲ ਨੇ 13 ਪ੍ਰਮੁੱਖ ਨਗਰ ਨਿਗਮਾਂ ’ਚ ਬਿਜਲੀ ਲਾਈਨਾਂ ਦੀ ਮੁਰੰਮਤ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਹੈ।