ਬੈਂਗਲੁਰੂ : 
ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਹੁਣ 150 ਕਿੱਲੋ ਵਰਗ ਦਾ ਸਵਦੇਸ਼ੀ ਡ੍ਰੋਨ ਬਣਾਉਣ ਜਾ ਰਿਹਾ ਹੈ। ਇਹ ਦੁਸ਼ਮਣ ਦੇ ਟਿਕਾਣਿਆਂ ’ਤੇ ਕਹਿਰ ਢਾਹੇਗਾ। 150 ਕਿੱਲੋ ਵਰਗ ਦੇ ਲੋਇਟਰਿੰਗ ਮਿਊਨਿਸ਼ਨ ਯੂਏਵੀ (ਐੱਲਐੱਮ-ਯੂਏਵੀ) ਦੇ ਡਿਜ਼ਾਈਨ ਤੇ ਨਿਰਮਾਣ ਲਈ ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਟਿਡ (ਐੱਸਡੀਏਐੱਲ) ਨੇ ਬੈਂਗਲੁਰੂ ’ਚ ਸੀਐੱਸਆਈਆਰ-ਨੈਸ਼ਨਲ ਐਰੋਨਾਟਿਕਲ ਲੈਬੋਰੇਟਰੀਜ਼ (ਸੀਐੱਸਆਈਆਰ-ਐੱਨਏਐੱਲ) ਨਾਲ ਐਤਵਾਰ ਨੂੰ ਕਰਾਰ ਕੀਤਾ। ਇਹ ਰੱਖਿਆ ਖੇਤਰ ’ਚ ਆਤਮਨਿਰਭਰਕਤਾ ਦੀ ਦਿਸ਼ਾ ’ਚ ਵੱਡੀ ਉਪਲੱਬਧੀ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੀਐੱਸਆਈਆਰ ਵੱਲੋਂ ਡਿਜ਼ਾਈਨ ਤੇ ਵਿਕਾਸ ਸਮੇਤ ਰਣਨੀਤਕ ਅਹਿਮੀਅਤ ਦੇ ਪ੍ਰੋਜੈਕਟ ’ਚ ਸ਼ੁਰੂ ਤੋਂ ਹੀ ਉਦਯੋਗ ਹਿੱਸੇਦਾਰੀ ਨੂੰ ਸ਼ਾਮਲ ਕਰਨ ਦੀ ਨਵੀਂ ਪਹਿਲ ਤੇ ਅਨੋਖੇ ਨਜ਼ਰੀਏ ਦੀ ਸ਼ਲਾਘਾ ਕੀਤੀ। ਐੱਸਡੀਏਐੱਲ ਨੇ ਕਿਹਾ ਕਿ ਇਹ ਕਰਾਰ ਤਕਨੀਕੀ ਤੌਰ ’ਤੇ ਸਰਬੋਤਮ ਤੇ ਸਵਦੇਸ਼ੀ ਰੱਖਿਆ ਪ੍ਰਣਾਲੀਆਂ ਨੂੰ ਦੇਣ ਦੀ ਵਚਨਬੱਧਤਾ ’ਚ ਮੀਲ ਦਾ ਪੱਥਰ ਹੈ। ਐੱਲਐੱਮ-ਯੂਏਵੀ ਸਾਡੇ ਨਜ਼ਰੀਏ ਦਾ ਚਿੰਨ੍ਹ ਹੈ, ਜਿਸ ਵਿਚ ਸਮਰੱਥਾਵਾਂ ਨੂੰ ਸਵਦੇਸ਼ੀ ਸਮੱਗਰੀ ਨਾਲ ਮਿਲਾ ਕੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ। ਐੱਸਡੀਏਐੱਲ ਨੂੰ ਸੀਐੱਸਆਈਆਰ ਵੱਲੋਂ ਮੁਕਾਬਲੇਬਾਜ਼ ਟੈਂਡਰ ਪ੍ਰਕਿਰਿਆ ਰਾਹੀਂ ਉਦਯੋਗ ਹਿੱਸੇਦਾਰੀ ਦੇ ਤੌਰ ’ਤੇ ਚੁਣਿਆ ਗਿਆ ਸੀ। ਚੋਣ ਪ੍ਰਕਿਰਿਆ ਸੀਟੀਸੀਸੀਬੀਐੱਸ (ਸੰਯੁਕਤ ਤਕਨੀਕੀ ਤੇ ਵਣਜ ਟੈਂਡਰ ਪ੍ਰਣਾਲੀ) ਰਾਹੀਂ ਹੋਈ। ਇਸ ਵਿਚ ਪੰਜ ਕੰਪਨੀਆਂ ਨੇ ਹਿੱਸਾ ਲਿਆ ਸੀ।
150 ਕਿੱਲੋ ਵਰਗ ਦੇ ਐੱਲਐੱਮ-ਯੂਏਵੀ ਦੀ ਖ਼ਾਸੀਅਤ
-
- ਇਸ ਵਿਚ ਐੱਨਏਐੱਲ ਵੱਲੋਂ ਵਿਕਸਿਤ ਵੈਂਕਲ ਇੰਜਣ ਲੱਗਿਆ ਹੋਵੇਗਾ। ਇਸ ਨੂੰ ਏਅਰਕ੍ਰਾਫਟ ਇੰਟੀਗੇਸ਼ਨ ਤੇ ਫਲਾਈਟ ਟੈਸਟਿੰਗ ਲਈ ਸਰਟੀਫਿਕੇਟ ਮਿਲ ਗਿਆ ਹੈ। ਇਸ ਵਿਚ ਉੱਨਤ ਪੇਲੋਡ ਸਮੇਤ ਉੱਚ ਪੱਧਰੀ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ।
-
- ਇਸ ਦੀ ਰੇਂਜ 900 ਕਿਲੋਮੀਟਰ ਹੋਵੇਗੀ ਤੇ ਛੇ ਤੋਂ ਨੌਂ ਘੰਟਿਆਂ ਤੱਕ ਪੰਜ ਕਿਲੋਮੀਟਰ ਦੀ ਉਚਾਈ ’ਤੇ ਉਡਾਣ ਭਰ ਸਕੇਗਾ। ਬੇਹੱਦ ਘੱਟ ਰਡਾਰ ਕ੍ਰਾਸ ਸੈਕਸ਼ਨ (ਆਰਸੀਐੱਸ) ਨਾਲ ਇਸਦੀ ਸਟੈਲਥ ਸਮਰੱਥਾ ਉੱਨਤ ਹੋਵੇਗੀ, ਜਿਸ ਨਾਲ ਰਡਾਰ ਨਾਲ ਇਸਦਾ ਪਤਾ ਲਗਾਉਣਾ ਬੇਹੱਦ ਮੁਸ਼ਕਲ ਹੋਵੇਗਾ।
-
- ਇਹ ਜੀਪੀਐੱਸ ਦੀ ਮਦਦ ਦੇ ਬਿਨਾਂ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ, ਜਿਸ ਨਾਲ ਚੁਣੌਤੀਪੂਰਨ ਹਾਲਾਤ ’ਚ ਵੀ ਮਿਸ਼ਨ ਦੀ ਭਰੋਸੇਯੋਗਤਾ ਯਕੀਨੀ ਹੋਵੇਗੀ।
- ਇਸ ਨੂੰ ਏਆਈ ਨਾਲ ਲੈਸ ਈਓ-ਆਈਆਰ ਪੇਲੋਡ ਨਾਲ ਲੈਸ ਕੀਤਾ ਜਾਵੇਗਾ, ਜਿਸ ਨਾਲ ਇਹ ਰੀਅਲ ਟਾਈਮ ਖੁਫ਼ੀਆ ਮੁਹਿੰਮ ਲਈ ਅਸਾਧਾਰਨ ਤਰੀਕੇ ਨਾਲ ਟੀਚੇ ਦੀ ਪਛਾਣ ਕਰ ਸਕੇਗਾ।

