ਫਾਜ਼ਿਲਕਾ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪਰਭਾਵਿੱਤ ਇਲਾਕੇ ਦ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਖੜ੍ਹੀ ਫਸਲ ਦੀ ਪੂਰਨ ਤਬਾਹੀ ਵਾਸਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਐਲਾਨੇ ਮੁਆਵਜ਼ੇ ਨੂੰ ਅੰਨਦਾਤਾ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਮਜ਼ਾਕ ਵੀ ਉਸ ਵੇਲੇ ਕੀਤਾ ਗਿਆ ਹੈ ਜਦੋਂ ਸੂਬੇ ਵਿਚ ਆਏ ਹੜ੍ਹਾਂ ਵਿਚ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ।ਅਕਾਲੀ ਦਲ ਦੇ ਪ੍ਰਧਾਨ ਨੇ ਫਾਜ਼ਿਲਕਾ ਦੇ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕੀਤਾ ਜਿਸ ਦੌਰਾਨ ਉਹ ਫਾਜ਼ਿਲਕਾ ਵਿਚ ਸਰਹੱਦੀ ਚੌਂਕੀ ਮੌਜਾਮ ਵਿਖੇ ਵੀ ਗਏ ਜਿਥੇ ਉਹਨਾਂ ਜ਼ੀਰੋ ਲਾਈਨ ਦੇ ਨੇੜੇ ਖੇਤੀ ਕਰਨ ਵਾਸਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕੰਡਿਆਲੀ ਤਾਰ ਦੇ ਪਾਰ ਖੇਤੀ ਕਰਨ ਵਾਲੇ ਪਿੰਡ ਵਾਲਿਆਂ ਨੇ ਵੀਡੀਓ ਅਪੀਲ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਸੀ ਕਿ ਉਹ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਕਦਮ ਚੁੱਕਣ। ਇਲਾਕੇ ਦਾ ਦੌਰਾ ਕਰਨ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਪਿੰਡ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹ ਉਹਨਾਂ ਦਾ ਮਸਲਾ ਰੱਖਿਆ ਮੰਤਰਾਲੇ ਕੋਲ ਚੁੱਕਣਗੇ ਤਾਂ ਜੋ ਉਹਨਾਂ ਦੀਆਂ ਜ਼ਮੀਨਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਢੁਕਵਾਂ ਬੰਨ ਬਣਾਇਆ ਜਾ ਸਕੇ। ਪਿੰਡ ਵਾਲਿਆਂ ਨੇ ਬਾਦਲ ਦੀ ਸ਼ਲਾਘਾ ਕੀਤੀ ਕਿ ਉਹ ਇਕੱਲੇ ਸਿਆਸੀ ਆਗੂ ਹਨ ਜੋ ਉਹਨਾਂ ਦੀ ਮਦਦ ਵਾਸਤੇ ਨਿੱਤਰੇ ਹਨ। ਮੁੱਖ ਮੰਤਰੀ ਵੱਲੋਂ ਐਲਾਨੇ ਮੁਆਵਜ਼ੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਨਵੀਂ ਸ਼ੁਰੂਆਤ ਕਰਨ ਵਾਸਤੇ ਕਿਸਾਨਾਂ ਲਈ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਨਾ ਸਿਰਫ ਕਿਸਾਨਾਂ ਨੂੰ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਪੈਸੇ ਦੀ ਜ਼ਰੂਰਤ ਹੈ ਬਲਕਿ ਖੇਤ ਵਾਹੁਣ ਲਈ ਅਤੇ ਉਹਨਾਂ ਨੂੰ ਕਣਕ ਦੀ ਬਿਜਾਈ ਵਾਸਤੇ ਤਿਆਰ ਕਰਨ ਲਈ ਵੀ ਪੈਸੇ ਚਾਹੀਦੇ ਹਨ। ਉਹਨਾਂ ਨੂੰ ਸਰਟੀਫਾਈਡ ਬੀਜ ਅਤੇ ਖਾਦਾਂ ਦੀ ਵੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਪਸ਼ੂਆਂ ਅਤੇ ਘਰਾਂ ਦੇ ਹੋਏ ਨੁਕਸਾਨ ਲਈ ਐਲਾਨਿਆ ਮੁਆਵਜ਼ਾ ਵੀ ਲੋਕਾਂ ਦੇ ਨੁਕਸਾਨ ਦੀ ਪੂਰਤੀ ਵਾਸਤੇ ਢੁਕਵਾਂ ਨਹੀਂ ਹੈ। ਉਹਨਾਂ ਕਿਹਾ ਕਿ ਇਹ ਉਹੀ ਮੁੱਖ ਮੰਤਰੀ ਹੈ ਜਿਸਨੇ ਭਰੋਸਾ ਦੁਆਇਆ ਸੀ ਕਿ ਉਹ ਬੱਕਰੀਆਂ ਅਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਵੇਗਾ ਪਰ ਇਹ ਤਾਂ ਲੋੜ ਵੇਲੇ ਵੀ ਢੁਕਵਾਂ ਮੁਆਵਜ਼ਾ ਦੇਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਵਿਚ ਹੈ ਅਤੇ ਉਹ ਅਗਲੇ ਦੋ ਸਾਲਾਂ ਤੱਕ ਆਪਣੇ ਪੈਰਾਂ ਸਿਰ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਹੜ੍ਹ ਮਾਰੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਾਸਤੇ ਕਰਜ਼ਾ ਮੁਆਫੀ ਸਮੇ਼ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਪੈਰਾਂ ਸਿਰ ਹੋਣ ਵਾਸਤੇ ਰਾਜ ਸਰਕਾਰ ਤੋਂ ਮਦਦ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਹੜ੍ਹ ਪ੍ਰਭਾਵਤ ਲੋਕਾਂ ਦੇ ਬੱਚਿਆਂ ਦੀ ਇਕ ਸਾਲ ਦੀ ਫੀਸ ਪੂਰੀ ਤਰ੍ਹਾਂ ਮੁਆਫ ਕੀਤੀ ਜਾਵੇ। ਹੜ੍ਹ ਪ੍ਰਭਾਵਤ ਲੋਕਾਂ ਨੂੰ ਸਮੱਗਰੀ ਤੇ ਹੋਰ ਸਹਾਇਤਾ ਪ੍ਰਦਾਨ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਵਾਸਤੇ ਵਿਆਪਕ ਪੈਕੇਜ ਲਿਆ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਹੜ੍ਹ ਪ੍ਰਭਾਵਤ ਕਿਸਾਨਾਂ ਨੂੰ 30 ਹਜ਼ਾਰ ਕੁਇੰਟਲ ਸਰਟੀਫਾਈਡ ਬੀਜ ਪ੍ਰਦਾਨ ਕਰਾਂਗੇ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ 500 ਟਰੱਕ ਤੂੜੀ ਤੇ ਰਾਸ਼ਨ ਪ੍ਰਦਾਨ ਕਰਾਂਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਸਾਰੇ ਹੜ੍ਹ ਪ੍ਰਭਾਵਤ ਪਿੰਡਾਂ ਵਿਚ ਮੱਛਰ ਮਾਰਨ ਵਾਸਤੇ ਫੋਗਿੰਗ ਦੀ ਜ਼ਿੰਮੇਵਾਰੀ ਚੁੱਕੀ ਹੈ ਅਤੇ ਸ਼੍ਰੋਮਣੀ ਕਮੇਟੀ 125 ਮੈਡੀਕਲ ਕੈਂਪ ਲਗਾਵੇਗੀ ਤੇ ਪਸ਼ੂਆਂ ਦੇ ਇਲਾਜ 25 ਟੀਮਾਂ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਕੰਮ ਕਰਨਗੀਆਂ। ਉਹਨਾਂ ਕਿਹਾ ਕਿ ਅਸੀਂ ਇਹ ਮੁਹਿੰਮ 20 ਸਤੰਬਰ ਤੋਂ ਸ਼ੁਰੂ ਕਰਾਂਗੇ। ਇਸ ਮੌਕੇ ਸੰਪੂਰਨ ਸਿੰਘ ਬਹਿਕ, ਰੋਹਿਤ ਕੁਮਾਰ ਵੋਹਰਾ, ਜੋਗਿੰਦਰ ਸਿੰਘ ਜਿੰਦੂ ਸਮੇਤ ਸੀਨੀਅਰ ਲੀਡਰ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ ਜਦੋਂ ਉਹਨਾਂ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ।