ਜਲੰਧਰ :
ਹੁਣ ਤੰਗ ਬਾਜ਼ਾਰਾਂ ’ਚ ਬਿਜਲੀ ਦੀਆਂ ਤਾਰਾਂ ਦੇ ਗੁੰਝਲਾਂ ਨਾਲ ਦੁਕਾਨਦਾਰਾਂ ਨੂੰ ਜੂਝਣਾ ਨਹੀਂ ਪਵੇਗਾ। ਵਾਰ-ਵਾਰ ਫਾਲਟ ਆਉਣ ’ਤੇ ਬਿਜਲੀ ਬੰਦ ਨਹੀਂ ਹੋਵੇਗੀ। ਓਵਰਲੋਡ ਟਰਾਂਸਫਾਰਮਰਾਂ ਨੂੰ ਡੀਲੋਡ ਕੀਤਾ ਜਾਵੇਗਾ। ਸਬ-ਸਟੇਸ਼ਨਾਂ ਦੀ ਗਿਣਤੀ ਵੱਧਣ ਨਾਲ ਜਲੰਧਰ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲੇਗੀ। ਜਲੰਧਰ ’ਚ 289 ਕਰੋੜ ਦੀ ਲਾਗਤ ਨਾਲ ‘ਰੋਸ਼ਨ ਪੰਜਾਬ’ ਪ੍ਰਾਜੈਕਟ ਅਧੀਨ ਨਵੇਂ ਫੀਡਰ, ਨਵੀਆਂ ਬਿਜਲੀ ਤਾਰਾਂ, ਸਬ-ਸਟੇਸ਼ਨ ਤੇ ਟਰਾਂਸਫਾਰਮਰ ਬਣਾਉਣ ਦਾ ਕੰਮ ਕੀਤਾ ਜਾਵੇਗਾ। ਸ਼ਹਿਰ ਦੇ ਕੁਝ ਫੀਡਰ ਓਵਰਲੋਡ ਹੋਣ ਕਾਰਨ ਵੋਲਟੇਜ ਦੀ ਸਮੱਸਿਆ ਆ ਰਹੀ ਸੀ। ਲੋਡ ਕਾਰਨ ਆਉਣ ਵਾਲੇ ਬਿਜਲੀ ਫਾਲਟਾਂ ਕਰਕੇ 10 ਤੋਂ 14 ਘੰਟੇ ਬਿਜਲੀ ਬੰਦ ਰਹਿੰਦੀ ਸੀ। ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬਿਜਲੀ ਦੀਆਂ ਤਾਰਾਂ ਵੀ ਦੁਕਾਨਦਾਰਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਲਈ ਪ੍ਰਾਜੈਕਟ ਅਧੀਨ ਕੰਮ ਕੀਤੇ ਜਾਣਗੇ। ਇਸ ਮੌਕੇ ’ਤੇ ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਐੱਮਐੱਸਐੱਮਈ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਹਾਜ਼ਰ ਸਨ। — ਸ਼ਹਿਰ ਤੇ ਪਿੰਡਾਂ ’ਚ 600 ਤੋਂ ਵੱਧ ਫੀਡਰ ਜਲੰਧਰ ਦੀ ਗੱਲ ਕਰੀਏ ਤਾਂ ਸ਼ਹਿਰ ਤੇ ਦਿਹਾਤ ਨੂੰ ਰਲਾ ਕੇ 600 ਤੋਂ ਵੱਧ ਫੀਡਰ ਹਨ। ਪ੍ਰਾਜੈਕਟ ਅਧੀਨ 30 ਨਵੇਂ ਫੀਡਰ ਬਣਾਏ ਜਾਣਗੇ। ਇਸ ਤੋਂ ਇਲਾਵਾ, 60 ਤੋਂ ਵੱਧ ਵੱਖ-ਵੱਖ ਕੇਵੀਏ ਦੇ ਟਰਾਂਸਫਾਰਮਰ ਡੀਲੋਡ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਬਿਨਾਂ ਫਾਲਟ ਦੇ ਬਿਜਲੀ ਸਪਲਾਈ ਮਿਲ ਸਕੇ। ਨਵੇਂ ਫੀਡਰ ਤੇ ਟਰਾਂਸਫਾਰਮਰ ਲੱਗਣ ਨਾਲ ਟ੍ਰਿਪਿੰਗ ਦੀ ਸਮੱਸਿਆ ਖਤਮ ਹੋ ਜਾਵੇਗੀ। ‘ਜ਼ੀਰੋ ਬਿਜਲੀ ਕੱਟ’ ਨੀਤੀ ਤਹਿਤ ਕੰਮ ਕੀਤੇ ਜਾਣਗੇ। ਜੰਡੂ ਸਿੰਘਾ, ਫੋਕਲ ਪਾਇੰਟ, ਟਾਂਡਾ ਰੋਡ ਤੇ ਸਪੋਰਟਸ ਸਰਜੀਕਲ ਦੇ ਫੀਡਰ ਡੀਲੋਡ ਕੀਤੇ ਜਾਣਗੇ। ਇੰਡਸਟਰੀ ਨੂੰ ਬਿਨਾਂ ਫਾਲਟ ਬਿਜਲੀ ਸਪਲਾਈ ਮਿਲੇਗੀ। ਕਈ ਵਾਰ ਘੰਟਿਆਂ ਦੀ ਬਿਜਲੀ ਕੱਟ ਕਾਰਨ ਉਦਯੋਗਾਂ ਦੇ ਉਤਪਾਦਨ ’ਤੇ ਅਸਰ ਪੈਂਦਾ ਸੀ। — ਨਵੇਂ ਬਿਜਲੀ ਘਰਾਂ ਦੇ ਨਾਲ-ਨਾਲ ਬਣਨਗੇ ਟਰਾਂਸਫਾਰਮਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ‘ਰੋਸ਼ਨ ਪੰਜਾਬ’ ਪ੍ਰਾਜੈਕਟ ਤਹਿਤ ਪੰਜਾਬ ਦੇ ਬਾਗਬਾਨੀ, ਆਜ਼ਾਦੀ ਸੈਨਾਨੀ ਤੇ ਰੱਖਿਆ ਸੇਵਾਵਾਂ ਕਲਿਆਣ ਮੰਤਰੀ ਮਹਿੰਦਰ ਭਗਤ ਨੇ ਅੱਜ ਫੋਕਲ ਪੁਆਇੰਟ-2 ’ਚ ਲਗਪਗ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ 31.5 ਐੱਮਵੀਏ ਪਾਵਰ ਟਰਾਂਸਫਾਰਮਰ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਜਲੰਧਰ ਜ਼ਿਲ੍ਹੇ ’ਚ ਨਵੇਂ ਟਰਾਂਸਫਾਰਮਰ, ਨਵੇਂ ਬਿਜਲੀ ਘਰ, ਨਵੀਆਂ ਲਾਈਨਾਂ ਤੇ ਫੀਡਰਾਂ ਦੀ ਡੀਲੋਡਿੰਗ ਆਦਿ ਤੇ 289.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ’ਚ 145.90 ਕਰੋੜ ਰੁਪਏ ਨਾਲ 11 ਕੇਵੀਏ ਫੀਡਰਾਂ ਦੀ ਡੀਲੋਡਿੰਗ, 25.50 ਕਰੋੜ ਰੁਪਏ ਨਾਲ ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, 12.30 ਕਰੋੜ ਰੁਪਏ ਨਾਲ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣਾ, 29.30 ਕਰੋੜ ਰੁਪਏ ਨਾਲ ਨਵੇਂ 66 ਕੇਵੀਏ ਬਿਜਲੀ ਘਰ ਬਣਾਉਣਾ, 44.50 ਕਰੋੜ ਰੁਪਏ ਨਾਲ 66 ਕੇਵੀਏ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣਾ ਤੇ 31.70 ਕਰੋੜ ਰੁਪਏ ਨਾਲ 66 ਕੇਵੀਏ ਲਾਈਨਾਂ ਦੀ ਸਥਾਪਨਾ ਕਰਨ ਦੇ ਕੰਮ ਸ਼ਾਮਲ ਹਨ। — ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਣੀ ਨੇ ਕਿਹਾ ਕਿ ਪ੍ਰਾਜੈਕਟ ਅਧੀਨ ਕੀਤੇ ਜਾ ਰਹੇ ਕੰਮਾਂ ’ਚ ਨਵੇਂ ਬਿਜਲੀ ਘਰਾਂ ਦੇ ਨਾਲ-ਨਾਲ ਫੀਡਰਾਂ ਤੇ ਟਰਾਂਸਫਾਰਮਰਾਂ ਦੀ ਡੀਲੋਡਿੰਗ ਦਾ ਕੰਮ ਵੀ ਸ਼ਾਮਲ ਹੈ। ਇਸ ਨਾਲ ਲੋਕਾਂ ਨੂੰ ਓਵਰਲੋਡ ਕਾਰਨ ਆਉਣ ਵਾਲੇ ਫਾਲਟਾਂ ਤੋਂ ਛੁਟਕਾਰਾ ਮਿਲ ਜਾਵੇਗਾ। ਨਵੇਂ ਫੀਡਰ ਬਣਨ ਨਾਲ ਸ਼ਹਿਰ ਵਿੱਚ ਲੋਡ ਦੀ ਸਮੱਸਿਆ ਨਹੀਂ ਰਹੇਗੀ। ਉਦਯੋਗਿਕ ਇਲਾਕਿਆਂ ਦੇ ਫੀਡਰਾਂ ਨੂੰ ਵੀ ਡੀਲੋਡ ਕੀਤਾ ਜਾਵੇਗਾ ਤੇ ਨਵੀਆਂ ਲਾਈਨਾਂ ਵਿਛਾਉਣ ਦਾ ਕੰਮ ਕੀਤਾ ਜਾਵੇਗਾ। — ਕੀ ਬੋਲੇ ਉਦਯੋਗਪਤੀ ਉਦਯੋਗ ਨਗਰ ਮੈਨੂਫੈਕਚਰਜ਼ ਐਸੋਸੀਏਸ਼ਨ ਗਦਈਪੁਰ ਦੇ ਪ੍ਰਧਾਨ ਤਜਿੰਦਰ ਭਸੀਨ ਨੇ ਕਿਹਾ ਕਿ ‘ਰੋਸ਼ਨ ਪੰਜਾਬ’ ਪ੍ਰਾਜੈਕਟ ਅਧੀਨ ਹੋ ਰਹੇ ਕੰਮਾਂ ਨਾਲ ਲੋਕਾਂ ਨੂੰ ਬਿਨਾਂ ਫਾਲਟ ਬਿਜਲੀ ਸਪਲਾਈ ਮਿਲੇਗੀ। ਬਿਜਲੀ ਦਾ ਇੰਫਰਾਸਟ੍ਰਕਚਰ ਹੋਰ ਮਜ਼ਬੂਤ ਹੋਵੇਗਾ। ਨਵੇਂ ਬਿਜਲੀ ਘਰ ਬਣਨ ਨਾਲ ਬਿਜਲੀ ਲੋਡ ਦੀ ਸਮੱਸਿਆ ਘਟੇਗੀ ਤੇ ਉਦਯੋਗਾਂ ਨੂੰ ਨਵੇਂ ਕਨੈਕਸ਼ਨ ਲੈਣ ’ਚ ਵੀ ਆਸਾਨੀ ਰਹੇਗੀ। ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਨਿਤਿਨ ਕਪੂਰ ਨੇ ਕਿਹਾ ਕਿ ਬਿਜਲੀ ਦੀਆਂ ਲਾਈਨਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਸਨ, ਜਿਸ ਕਾਰਨ ਵਾਰ-ਵਾਰ ਫਾਲਟ ਆਉਂਦੇ ਸਨ ਤੇ ਘੰਟਿਆਂ ਬਿਜਲੀ ਬੰਦ ਰਹਿੰਦੀ ਸੀ। ਕਈ ਫੀਡਰ ਓਵਰਲੋਡ ਹੋਣ ਕਰਕੇ ਫਾਲਟ ਆਉਣ ਲੱਗ ਪਏ ਸਨ। ਉਦਯੋਗਿਕ ਇਲਾਕਿਆਂ ’ਚ ਵੀ ਘੰਟਿਆਂ ਬਿਜਲੀ ਕੱਟ ਰਹਿੰਦੀ ਸੀ। ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਤਹਿਤ ਹੋ ਰਹੇ ਕੰਮਾਂ ਨਾਲ ਇੰਡਸਟਰੀ ਨੂੰ ਵੱਡੀ ਰਾਹਤ ਮਿਲੇਗੀ।