ਅੰਮ੍ਰਿਤਸਰ :
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਕਾਰਵਾਈ ਦੌਰਾਨ 14 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਦੌਰਾਮ ਮੋਬਾਈਲ ਡਿਵਾਈਸਾਂ, ਟੈਬਲੇਟਜ਼, ਕੰਪਿਊਟਰ ਅਤੇ ਅਸੈਸਰੀਜ਼, ਸਟੋਰੇਜ ਡਿਵਾਈਸਾਂ ਸਮੇਤ ਦੋਸ਼ਪੂਰਨ ਵਿੱਤੀ ਰਿਕਾਰਡ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਹੁਣ ਤੱਕ 2 ਵਿਅਕਤੀ ਗ੍ਰਿਫ਼ਤਾਰ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਐਸਆਈਟੀ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਅਧੀਨ ਥਾਣਾ ਸੀ-ਡਵੀਜ਼ਨ ਵਿਚ ਦਰਜ ਕੀਤੀ ਗਈ ਐਫਆਈਆਰ ਵਿਚ ਕੁੱਲ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਦੋ ਮੁਲਜ਼ਮਾਂ ਦੀ ਕਥਿਤ ਤੌਰ ’ਤੇ ਮੌਤ ਹੋ ਚੁੱਕੀ ਹੈ ਅਤੇ 14 ਵਿਅਕਤੀਆਂ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਸਤਿੰਦਰ ਸਿੰਘ ਕੋਹਲੀ ਅਤੇ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਕੰਵਲਜੀਤ ਸਿੰਘ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਹਾਇਕ ਸੁਪਰਵਾਈਜਰ ਵਜੋਂ ਕੰਮ ਕਰ ਰਿਹਾ ਸੀ ਅਤੇ ਪਵਿੱਤਰ ਸਰੂਪਾਂ ਦੀ ਸਾਂਭ-ਸੰਭਾਲ, ਮਰਿਆਦਾ, ਅਣ-ਅਧਿਕਾਰਤ ਛਪਾਈ ਦੌਰਾਨ ਹੋਈਆਂ ਗੰਭੀਰ ਕੁਤਾਹੀਆਂ ਅਤੇ ਊਣਤਾਈਆਂ ਵਿਚ ਉਸ ਦੀ ਸਿੱਧੀ ਭੂਮਿਕਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਵਿਚ ਕੁੱਲ 14 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਚੰਡੀਗੜ੍ਹ ਵਿਚ 2, ਅੰਮ੍ਰਿਤਸਰ ਸ਼ਹਿਰ ਵਿਚ 8 ਅਤੇ ਗੁਰਦਾਸਪੁਰ, ਰੋਪੜ, ਤਰਨਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਵਿਚ 1-1 ਥਾਂ ‘ਤੇ ਛਾਪੇਮਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ, 7 ਮੋਬਾਈਲ ਫੋਨ, 3 ਟੈਬਲੇਟ, 2 ਲੈਪਟਾਪ, 1 ਸਟੋਰੇਜ ਡਿਵਾਈਸ ਅਤੇ ਦੋਸ਼ਪੂਰਨ ਵਿੱਤੀ ਰਿਕਾਰਡ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਜ਼ਬਤ ਕੀਤੇ ਗਏ ਇਲੈਕਟਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਅਤੇ ਜਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ–ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਭੁਗਤਾਨ ਕਰਨ ਵਾਲੀਆਂ ਕੰਪਨੀਆਂ ਦੀਆਂ ਕੜੀਆਂ ਸਿਆਸਤਦਾਨਾਂ ਸਮੇਤ ਕਈ ਰਸੂਖਦਾਰ ਵਿਅਕਤੀਆਂ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਹਨ। ਐਸਆਈਟੀ ਇਸ ਗੰਭੀਰ ਮਸਲੇ ਦੀ ਯੋਜਨਾਬੱਧ ਢੰਗ ਅਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁਖਤਾ ਸਬੂਤ ਲੱਭੇ ਜਾ ਰਹੇ ਹਨ। ਇਸ ਸਬੰਧੀ ਹੋਰ ਕਈ ਥਾਈਂ ਛਾਪੇ ਮਾਰੇ ਜਾਣ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

