‘ਯੁੱਧ ਨਸ਼ਿਆਂ ਵਿਰੁੱਧ’ ਦੇ ਸਾਰਥਕ ਨਤੀਜੇ ਆਏ ਸਾਹਮਣੇ, ਸੇਫ਼ ਪੰਜਾਬ ਹੈਲਪਲਾਈਨ ਰਾਹੀਂ ਜਨਤਾ ਤੋਂ 16,000 ਤੋਂ ਵੱਧ ਸੂਚਨਾਵਾਂ ਪ੍ਰਾਪਤ ਹੋਈਆਂ : ਡੀ.ਜੀ.ਪੀ.
ਕਿਹਾ, 80 ਫੀਸਦੀ ਤੋਂ ਵੱਧ ਫਿਰੌਤੀ ਦੀਆਂ ਕਾਲਾਂ ਬਦਨਾਮ ਗੈਂਗਸਟਰ ਬਣ ਕੇ ਸਥਾਨਕ ਅਪਰਾਧੀਆਂ ਵੱਲੋਂ ਕੀਤੀਆਂ ਗਈਆਂ
ਜਲੰਧਰ,
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਦੇ ਸਨਮਾਨ ਵਿੱਚ ਮੰਗਲਵਾਰ ਨੂੰ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਹੈੱਡਕੁਆਰਟਰ ਵਿਖੇ 66ਵਾਂ ਰਾਜ ਪੱਧਰੀ ਪੁਲਿਸ ਯਾਦਗਾਰੀ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪੰਜਾਬ ਪੁਲਿਸ ਨੂੰ ਇੱਕ ਬੇਮਿਸਾਲ ਫੋਰਸ ਦੱਸਿਆ, ਜਿਸਨੇ ਸ਼ਾਂਤੀ ਅਤੇ ਸੰਕਟ ਦੋਵਾਂ ਦੌਰਾਨ ਬੇਜੋੜ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੱਸਿਆ ਕਿ ਸਤੰਬਰ 1981 ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਨੇ ਡਿਊਟੀ ਦੌਰਾਨ 1,802 ਅਧਿਕਾਰੀਆਂ ਦਾ ਬਲਿਦਾਨ ਦਿੱਤਾ ਹੈ, ਜਿਸ ਵਿੱਚ ਇਕੱਲੇ ਇਸ ਦੇ ਸਾਲ ਦੇ ਹੀ ਤਿੰਨ ਪੁਲਿਸ ਕਰਮਚਾਰੀ ਸ਼ਾਮਲ ਹਨ। ਪੁਲਿਸ ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਕਾਰਨ ਹੀ ਅੱਜ ਅਸੀਂ ਸ਼ਾਂਤੀਪੂਰਵਕ ਰਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਬਹਾਦਰੀ, ਹਿੰਮਤ ਅਤੇ ਅੱਤਵਾਦ ਨੂੰ ਜੜ੍ਹੋਂ ਪੁੱਟ ਸੁੱਟਣ ਦੀ ਵਚਨਬੱਧਤਾ ਦੀ ਮਾਣਮੱਤੀ ਵਿਰਾਸਤ ਹੈ ਅਤੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਕੰਮ ਕਰਦੀ ਰਹੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਨੇ ਸੂਬਾ ਸਰਕਾਰ ਦੀ ਫੈਸਲਾਕੁੰਨ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ‘ਤੇ ਚਾਨਣਾ ਪਾਉਂਦਿਆਂ ਇਸਨੂੰ ਇੱਕ ਵੱਡੀ ਸਫ਼ਲਤਾ ਦੱਸਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਹੁਣ ਤੱਕ 1,300 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਸ ਮੁਹਿੰਮ ਵਿੱਚ ਸੇਫ਼ ਪੰਜਾਬ ਹੈਲਪਲਾਈਨ ਜ਼ਰੀਏ ਜਨਤਾ ਰਾਹੀਂ ਪ੍ਰਾਪਤ 16,000 ਤੋਂ ਵੱਧ ਸੂਚਨਾਵਾਂ ਦਾ ਵੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਸ ਜਨ ਸਮਰਥਕ ਪਹਿਲਕਦਮੀ ਸਦਕਾ ਵੱਡੀ ਗਿਣਤੀ ਵਿੱਚ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਕਈ ਡਰੱਗ ਨੈੱਟਵਰਕਾਂ ਨੂੰ ਖ਼ਤਮ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਿਸ ਵੱਲੋਂ 64 ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ 14 ਕਰੋੜ ਰੁਪਏ ਦੀ ਗੈਰ-ਕਾਨੂੰਨੀ ਰਕਮ ਜ਼ਬਤ ਕਰਕੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੇ ਵਿੱਤੀ ਚੈਨਲਾਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਆਈ.ਐਸ.ਆਈ. ਅਤੇ ਹੋਰ ਕੱਟੜਪੰਥੀ ਤੱਤ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਬਰੀ ਵਸੂਲੀ ਦੀਆਂ ਕਾਲਾਂ ਦੇ ਮੁੱਦੇ ‘ਤੇ ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਅਜਿਹੀਆਂ 80 ਫੀਸਦੀ ਤੋਂ ਵੱਧ ਕਾਲਾਂ ਸਥਾਨਕ ਅਪਰਾਧੀਆਂ ਵੱਲੋਂ ਗੈਂਗਸਟਰਾਂ ਬਣ ਕੇ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨੂੰ ਹਦਾਇਤ ਕੀਤੀ ਕਿ ਜਬਰੀ ਵਸੂਲੀ ਦੀ ਹਰੇਕ ਕਾਲ ’ਤੇ ਐਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ‘ਸਾਡੀ ਸਭ ਤੋਂ ਵੱਡੀ ਤਰਜੀਹ ਆਮ ਨਾਗਰਿਕ ਹਨ।’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਪੁਲਿਸ ਦਾ ਉਦੇਸ਼ ਲੋਕ ਹਿਤੈਸ਼ੀ ਅਤੇ ਪ੍ਰਭਾਵਸ਼ਾਲੀ ਪੁਲਿਸਿੰਗ ਪ੍ਰਦਾਨ ਕਰਨਾ ਹੈ। ਸਮਾਗਮ ਤੋਂ ਬਾਅਦ ਡੀ.ਜੀ.ਪੀ. ਯਾਦਵ ਨੇ ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ। ਪੀ.ਏ.ਪੀ. ਕੈਂਪਸ ਦੇ ਅੰਦਰ ਪੁਲਿਸ ਸ਼ਹੀਦਾਂ ਦੇ ਸਮਾਰਕ ਵਿਖੇ ਯਾਦਗਾਰੀ ਪਰੇਡ ਹੋਈ, ਜਿੱਥੇ ਕਮਾਂਡੈਂਟ ਵਿਵੇਕ ਸ਼ੀਲ ਸੋਨੀ ਵੱਲੋਂ ਸਾਰੇ ਪੁਲਿਸ ਸ਼ਹੀਦਾਂ ਦੇ ਨਾਮ ਪੜ੍ਹੇ ਗਏ। ਸ਼ਹੀਦ ਨਾਇਕਾਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਧਾਰਨ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਸਮਾਗਮ ਦੀ ਸਮਾਪਤੀ ਹੋਈ। ਇਸ ਮੌਕੇ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਪੈਸ਼ਲ ਡੀ.ਜੀ.ਪੀ. ਪੀ.ਐਸ.ਪੀ.ਸੀ.ਐਲ. ਜਿਤੇਂਦਰ ਜੈਨ, ਸਪੈਸ਼ਲ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਸਪੈਸ਼ਲ ਡੀ.ਜੀ.ਪੀ. ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ, ਏ.ਡੀ.ਜੀ.ਪੀ. ਪ੍ਰੋਵੀਜ਼ਨਿੰਗ ਨਾਗੇਸ਼ਵਰ ਰਾਓ, ਸਪੈਸ਼ਲ ਡੀ.ਜੀ.ਪੀ. ਟ੍ਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ, ਸਪੈਸ਼ਲ ਡੀ.ਜੀ.ਪੀ. ਸਾਈਬਰ ਕ੍ਰਾਈਮ ਵੀ ਨੀਰਜਾ, ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਸਪੈਸ਼ਲ ਡੀ.ਜੀ.ਪੀ. ਇੰਟੈਲੀਜੈਂਸ ਪ੍ਰਵੀਨ ਸਿਨਹਾ, ਸਪੈਸ਼ਲ ਡੀ.ਜੀ.ਪੀ. ਹਿਊਮਨ ਰਾਈਟਸ ਨਰੇਸ਼ ਅਰੋੜਾ, ਏ.ਡੀ.ਜੀ.ਪੀ. ਐਸ.ਏ.ਪੀ. ਜਲੰਧਰ ਐਮ.ਐਫ. ਫਾਰੂਕੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੋਂ ਇਲਾਵਾ ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਸ਼ਹੀਦਾਂ ਦੇ ਪਰਿਵਾਰ ਮੌਜੂਦ ਸਨ।
ਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸ
ਪੁਲਿਸ ਯਾਦਗਾਰੀ ਦਿਵਸ ਮਨਾਉਣ ਦੀ ਰਿਵਾਇਤ 21 ਅਕਤੂਬਰ, 1959 ਤੋਂ ਸ਼ੁਰੂ ਹੋਈ, ਜਦੋਂ ਲਦਾਖ਼ ਦੇ ਹੌਟ ਸਪ੍ਰਿੰਗਜ਼ ਵਿਖੇ ਚੀਨੀ ਫੌਜਾਂ ਨੇ ਐਸ.ਆਈ. ਕਰਮ ਸਿੰਘ ਦੀ ਅਗਵਾਈ ਹੇਠ ਸੀ.ਆਰ.ਪੀ.ਐਫ. ਦੀ ਗਸ਼ਤੀ ਟੁਕੜੀ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਦਸ ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਕੜਾਕੇ ਦੀ ਠੰਡ ਵਿੱਚ 16,000 ਫੁੱਟ ਦੀ ਉਚਾਈ ਉਨ੍ਹਾਂ ਦਾ ਬਲਿਦਾਨ ਅਸਾਧਾਰਣ ਬਹਾਦਰੀ ਦਾ ਪ੍ਰਤੀਕ ਬਣਿਆ ਹੋਇਆ ਹੈ। ਉਦੋਂ ਤੋਂ, 21 ਅਕਤੂਬਰ ਨੂੰ ਦੇਸ਼ ਦੀਆਂ ਸਾਰੀਆਂ ਪੁਲਿਸ ਇਕਾਈਆਂ ਵਿੱਚ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁਲਿਸ ਯਾਦਗਾਰੀ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।