ਲੁਧਿਆਣਾ 1 september ਮੇਜਰ ਟਾਈਮ ਬਿਉਰੋ :
ਬੀਤੇ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨੇ ਕਈ ਸੂਬਿਆਂ ਵਿਚ ਤਬਾਹੀ ਦਾ ਮੰਜ਼ਰ ਦਿਖਾ ਦਿੱਤਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ’ਚ ਜਾਰੀ ਭਾਰੀ ਬਾਰਿਸ਼ ਕਾਰਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਅੱਠ ਜ਼ਿਲ੍ਹਿਆਂ ’ਚ ਹੁਣ ਸੂਬੇ ’ਚ ਹੋ ਰਹੀ ਰਿਕਾਰਡ ਤੋੜ ਬਾਰਿਸ਼ ਨੇ ਹਾਲਾਤ ਖ਼ਤਰਨਾਕ ਬਣਾ ਦਿੱਤੇ ਹਨ। ਇਨ੍ਹਾਂ ਜ਼ਿਲ੍ਹਿਆਂ ’ਚ 1300 ਤੋਂ ਵੱਧ ਪਿੰਡ ਪਾਣੀ ’ਚ ਘਿਰੇ ਹਨ। ਲੋਕ ਘਰਾਂ ਦੀਆਂ ਛੱਤਾਂ ’ਤੇ ਰਹਿਣ ਲਈ ਮਜਬੂਰ ਹਨ ਜਾਂ ਫਿਰ ਘਰ ਛੱਡ ਕੇ ਸੁਰੱਖਿਅ ਥਾਂ ਵੱਲ ਹਿਜਰਤ ਕਰ ਰਹੇ ਰਹੇ ਹਨ। ਕਰੀਬ ਦੋ ਲੱਖ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ’ਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਸੂਬੇ ’ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੋਵੇ। ਇਸੇ ਕਾਰਨ ਸੂਬਾ ਸਰਕਾਰ ਨੇ ਅਗਲੇ ਤਿੰਨ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ ’ਚ ਅਗਸਤ ਮਹੀਨੇ ’ਚ ਹੋ ਰਹੀ ਬਾਰਿਸ਼ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਆਮ ਤੌਰ ’ਤੇ ਅਗਸਤ ਮਹੀਨੇ ’ਚ 146.2 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦਕਿ ਇਸ ਸਾਲ 253.7 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜੋ ਆਮ ਨਾਲੋਂ 74 ਫ਼ੀਸਦੀ ਵੱਧ ਹੈ। ਸਭ ਤੋਂ ਵੱਧ ਬਾਰਿਸ਼ ਜਲੰਧਰ ’ਚ 178 ਮਿਲੀਮੀਟਰ, ਪਠਾਨਕੋਟ ’ਚ 152 ਤੇ ਤਰਨਤਾਰਨ ’ਚ 139 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਸਿਰਫ਼ ਚਾਰ ਜ਼ਿਲ੍ਹੇ ਹੀ ਹਨ ਜਿੱਥੇ ਇਸ ਮਹੀਨੇ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ।
ਇਸੇ ਦੌਰਾਨ ਮੌਸਮ ਵਿਭਾਗ ਨੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ’ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪਹਿਲੀ ਵਾਰ ਹੈ ਜਦੋਂ ਮੌਸਮ ਵਿਭਾਗ ਨੇ ਬਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੋਵੇ। ਇਸ ਤੋਂ ਪਹਿਲਾਂ ਆਰੇਂਜ ਤੇ ਯੈਲੋ ਅਲਰਟ ਹੀ ਜਾਰੀ ਕੀਤਾ ਜਾਂਦਾ ਰਿਹਾ ਹੈ। ਇਸੇ ਅਲਰਟ ਕਾਰਨ ਸੂਬਾ ਸਰਕਾਰ ਨੇ ਸਾਰੇ ਸਕੂਲ ਤਿੰਨ ਸਤੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ 30 ਅਗਸਤ ਤੱਕ ਸਕੂਲ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲਕੀਤੀ ਕਿ ਉਹ ਇਸ ਮੁਸ਼ਕਲ ਸਮੇਂ ’ਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ। ਇਸੇ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੜ੍ਹਾਂ ਤੇ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪਹਿਲੀ ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਮੌਸਮ ਦੀ ਸਥਿਤੀ ਆਮ ਹੋਣ ਤੋਂ ਬਾਅਦ ਜਾਰੀ ਕੀਤੀਆਂ ਜਾਣਗੀਆਂ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਸਕੂਲ ਪ੍ਰਸ਼ਾਸਨ ਤੋਂ ਸਮੇਂ-ਸਮੇਂ ’ਤੇ ਜਾਣਕਾਰੀ ਲੈਂਦੇ ਰਹਿਣ।