ਦਰਿਆ ਨੇੜਲੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਦਰਿਆ ਕੰਢੇ ਜਾਣ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ
ਕਿਹਾ, ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ
ਜਲੰਧਰ, 2 ਸਤੰਬਰ, ਮੇਜਰ ਟਾਈਮਸ :
ਸੋਮਵਾਰ ਸ਼ਾਮ ਨੂੰ ਰੋਪੜ ਤੋਂ 1.14 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੱਲੋਂ ਅਹਿਤਿਆਤ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਛੱਡਿਆ ਗਿਆ ਪਾਣੀ ਮੰਗਲਵਾਰ ਸਵੇਰ ਤੱਕ ਜਲੰਧਰ ਪਹੁੰਚਣ ਦੀ ਉਮੀਦ ਹੈ, ਜਿਸ ਕਰਕੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਦਰਿਆ ਦੇ ਕੈਚਮੈਂਟ ਖੇਤਰ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਰਹਿਣ ਵਾਲੇ ਵਸਨੀਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨੀਵੇਂ ਅਤੇ ਹੜ੍ਹ ਸੰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਵਰਗੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਉਹ ਦਰਿਆ ਦੇ ਕਿਨਾਰਿਆਂ ਨੇੜੇ ਜਾਣ ਤੋਂ ਬਚਣ ਅਤੇ ਉੱਚੀਆਂ ਥਾਵਾਂ ‘ਤੇ ਰਾਹਤ ਕੈਂਪਾਂ ਵਿੱਚ ਚਲੇ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਹੋਰ ਡਰੇਨਾਂ ਦੇ ਪਾਣੀ ਸਮੇਤ ਲਗਭਗ 1.25 ਤੋਂ 1.50 ਲੱਖ ਕਿਊਸਿਕ ਪਾਣੀ ਜਲੰਧਰ ਵਿੱਚੋਂ ਹੋ ਕੇ ਲੰਘ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੀ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਫੂਡ ਦੀ ਸਪਲਾਈ, ਚਾਰਾ ਅਤੇ ਦਵਾਈਆਂ ਆਦਿ ਮੌਜੂਦ ਹਨ। ਹੜ੍ਹ ਸੰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਭਰ ਵਿੱਚ 54 ਤੋਂ ਵੱਧ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਡਾ. ਅਗਰਵਾਲ ਨੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਨੇੜੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ, ਜੋ ਕਿ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧੇ ਤੋਂ ਬਾਅਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਪਿੰਡਾਂ ਵਿੱਚ ਪ੍ਰਸ਼ਾਸਨਿਕ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਧਾਰਮਿਕ ਸਥਾਨਾਂ ਰਾਹੀਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ । ਸਮੂਹਿਕ ਚੌਕਸੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਪਾਣੀ ਦੇ ਸੁਚਾਰੂ ਵਹਾਅ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਵਿੱਚ ਰਾਜ ਪੱਧਰੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ ਲੋਕ 0181-2240064 ‘ਤੇ ਫੋਨ ਕਰਕੇ ਐਮਰਜੈਂਸੀ ਸਬੰਧੀ ਸੂਚਨਾ ਦੇ ਸਕਦੇ ਹਨ ਜਾਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਡਾ. ਅਗਰਵਾਲ ਨੇ ਕਿਹਾ ਕਿ ਹਾਲਾਤ ਚੌਕਸ ਰਹਿਣ ਦੀ ਮੰਗ ਕਰਦੇ ਹਨ ਪਰ ਸਮੇਂ ਸਿਰ ਕਾਰਵਾਈ ਅਤੇ ਜਨਤਕ ਸਹਿਯੋਗ ਨਾਲ ਇਸ ਚੁਣੌਤੀ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਥਿਤੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਸਹੀ ਜਾਗਰੂਕਤਾ ਅਤੇ ਸੁਚੇਤ ਰਹਿਣ ‘ਤੇ ਜ਼ੋਰ ਦਿੱਤਾ।