ਚੰਡੀਗੜ੍ਹ: ਮੇਜਰ ਟਾੀਮ ਬਿਉਰੋ
ਪੰਜਾਬ ਵਿਚ ਹੜ੍ਹ ਨੇ ਨਾ ਸਿਰਫ਼ ਫਸਲਾਂ ਨੂੰ ਹੀ ਨੁਕਸਾਨ ਪਹੁੰਚਾਇਆ, ਸਗੋਂ ਪਸ਼ੂ ਧੰਨ ਦੀ ਵੀ ਜਾਨ ਗਈ ਹੈ। ਵੱਡੀ ਗਿਣਤੀ ਵਿਚ ਪਸ਼ੂ ਅਜੇ ਵੀ ਪਾਣੀ ਵਿਚ ਫਸੇ ਹੋਏ ਹਨ। ਪਸ਼ੂ ਪਾਲਨ ਵਿਭਾਗ ਮਰੇ ਪਸ਼ੂਆਂ ਦਾ ਅੰਕੜਾ ਇਕੱਠਾ ਕਰ ਰਿਹਾ ਹੈ। ਸਭ ਤੋਂ ਵੱਡੀ ਚੁਣੌਤੀ ਮਰੇ ਹੋਏ ਪਸ਼ੂਆਂ ਨੂੰ ਦਫਨਾਉਣ ਜਾਂ ਜਲਾਉਣ ਦੀ ਹੈ। ਹਰ ਪਾਸੇ ਪਾਣੀ ਹੋਣ ਕਾਰਨ ਮਰੇ ਪਸ਼ੂਆਂ ਨੂੰ ਦਬਾਉਣ ਲਈ ਜ਼ਮੀਨ ਨਹੀਂ ਮਿਲ ਰਹੀ। ਇਸ ਤੋਂ ਇਲਾਵਾ, ਰਾਜ ’ਚ ਇਕ ਵੀ ਇੰਸੀਨੀਏਟਰ (ਪਸ਼ੂ ਜਲਾਉਣ ਵਾਲੀ ਮਸ਼ੀਨ) ਨਹੀਂ ਹੈ। ਕਈ ਥਾਵਾਂ ’ਤੇ ਪੰਜ ਤੋਂ ਵੱਧ ਦਿਨਾਂ ਤੋਂ ਮਰੇ ਪਸ਼ੂ ਪਾਣੀ ਵਿਚ ਪਏ ਹਨ, ਜਿਸ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਹੈ।ਪਸ਼ੂ ਪਾਲਨ ਵਿਭਾਗ ਦੇ ਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਮਰੇ ਪਸ਼ੂਆਂ ਤੋਂ ਬਿਮਾਰੀ ਫੈਲਣ ਦਾ ਜ਼ਿਆਦਾ ਖ਼ਤਰਾ ਹੈ। ਹਰ ਪਾਸੇ ਪਾਣੀ ਹੋਣ ਕਾਰਨ ਉਨ੍ਹਾਂ ਨੂੰ ਦਫਨਾਉਣ ਲਈ ਜਗ੍ਹਾ ਨਹੀਂ ਮਿਲ ਰਹੀ। ਵਿਭਾਗ ਇੰਸੀਨੀਏਟਰ ਦੀ ਭਾਲ ਕਰ ਰਿਹਾ ਸੀ, ਤਾਂ ਜੋ ਸਮੂਹਿਕ ਤੌਰ ’ਤੇ ਮਰੇ ਪਸ਼ੂਆਂ ਨੂੰ ਜਲਾਇਆ ਜਾ ਸਕੇ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕਈ ਦਿਨਾਂ ਤੋਂ ਪਸ਼ੂ ਪਾਣੀ ਵਿਚ ਖੜ੍ਹੇ ਹਨ। ਵਿਭਾਗ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਦੁਬਾਰਾ ਟੀਕਾਕਰਨ ਕਰਵਾਏਗਾ, ਕਿਉਂਕਿ ਉੱਥੇ ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਹੋ ਸਕਦੀ ਹੈ। ਹਾਲਾਂਕਿ ਵਿਭਾਗ ਨੇ ਜੁਲਾਈ ਵਿਚ ਹੀ ਟੀਕਾਕਰਨ ਪੂਰਾ ਕੀਤਾ ਸੀ। ਹੁਣ ਤੱਕ 250 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਅੰਕੜਾ ਹੋਰ ਵਧ ਸਕਦਾ ਹੈ।ਇਕ ਸਵਾਲ ਦੇ ਜਵਾਬ ਵਿਚ ਭੰਡਾਰੀ ਨੇ ਕਿਹਾ ਕਿ ਪਸ਼ੂਆਂ ਦੇ ਚਾਰੇ ਦੀ ਨਹੀਂ, ਸਗੋਂ ਹਰੇ ਚਾਰੇ ਦੀ ਜ਼ਰੂਰਤ ਹੈ। ਚਾਰਾਂ ਪਾਸੇ ਪਾਣੀ ਹੈ। ਵਿਭਾਗ ਦੀਆਂ 467 ਟੀਮਾਂ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਵਿਚ ਲੱਗੀਆਂ ਹਨ। ਰਾਵੀ ਦਰਿਆ ਪਾਰ ਦੇ ਅੱਠ ਪਿੰਡਾਂ ਤੱਕ ਵਿਭਾਗ ਨਹੀਂ ਪਹੁੰਚ ਸਕਿਆ ਹੈ। ਉੱਥੇ ਜਾਣ ਲਈ ਬੇੜੀ ਨਹੀਂ ਹੈ। ਉਮੀਦ ਹੈ ਕਿ ਬੁੱਧਵਾਰ ਨੂੰ ਉੱਥੇ ਟੀਮ ਪਹੁੰਚ ਜਾਵੇਗੀ
ਹੜ੍ਹ ’ਚ ਮਰੇ ਪਸ਼ੂਆਂ ਨੂੰ ਦਬਾਉਣ ਲਈ ਨਾ ਤਾਂ ਜ਼ਮੀਨ ਤੇ ਨਾ ਹੀ ਜਲਾਉਣ ਲਈ ਮਸ਼ੀਨ, ਪਾਣੀ ’ਚ ਮਰੇ ਪਏ ਪਸ਼ੂਆਂ ਕਾਰਨ ਫੈਲ ਸਕਦੀ ਹੈ ਬਿਮਾਰੀ

Leave a Comment