ਜਲੰਧਰ ਮੇਜਰ ਟਾਈਮਸ ਬਿਉਰੋ
ਪੰਜਾਬ ਵਿੱਚ ਹੜ੍ਹ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਭਾਖੜਾ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਫੁੱਟ ਹੇਠਾਂ ਹੈ।ਫਲੱਡ ਗੇਟ ਅੱਠ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਲਗਭਗ 7,300 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਹਾਈਡਲ ਚੈਨਲ ਅਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ ਤਰੇੜਾਂ ਕਾਰਨ, ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ ਹੁਣ ਸਿੱਧਾ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਜਾ ਰਿਹਾ ਹੈ।ਅਧਿਕਾਰੀਆਂ ਅਨੁਸਾਰ, ਇਹ ਕਦਮ ਮਜਬੂਰੀ ਵਿੱਚ ਚੁੱਕਿਆ ਗਿਆ ਹੈ। ਇਸ ਕਾਰਨ ਸਤਲੁਜ ਦੇ ਕੰਢੇ ਸਥਿਤ ਰੋਪੜ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਮੰਗਲਵਾਰ ਨੂੰ ਜਲੰਧਰ ਅਤੇ ਕਪੂਰਥਲਾ ਸਮੇਤ ਕਈ ਜ਼ਿਲਿ੍ਹਆਂ ਵਿੱਚ ਲਗਾਤਾਰ ਮੀਂਹ ਜਾਰੀ ਰਿਹਾ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਸੋਮਵਾਰ ਤੱਕ ਸਿਰਫ਼ 16 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਸਨ, ਹੁਣ ਸਾਰੇ ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 30 ਤੱਕ ਪਹੁੰਚ ਗਈ ਹੈ। ਸਰਕਾਰ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ 1400 ਪਿੰਡਾਂ ਦੇ 3.54 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। 1.48 ਲੱਖ ਹੈਕਟੇਅਰ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਮਾਨਸਾ ਜ਼ਿਲਿ੍ਹਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਗੁਰਦਾਸਪੁਰ ਵਿੱਚ 40 ਹਜ਼ਾਰ, ਅੰਮ੍ਰਿਤਸਰ ਵਿੱਚ 23 ਹਜ਼ਾਰ, ਮਾਨਸਾ ਵਿੱਚ 27 ਹਜ਼ਾਰ ਅਤੇ ਫਿਰੋਜ਼ਪੁਰ ਵਿੱਚ 14 ਹਜ਼ਾਰ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜ ਵੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। 114 ਕਿਸ਼ਤੀਆਂ ਅਤੇ ਇੱਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਬੁਲੇਟਿਨ ਅਨੁਸਾਰ, ਹੁਣ ਤੱਕ 19,597 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਦੀਆਂ 20 ਟੀਮਾਂ ਤੋਂ ਇਲਾਵਾ, ਹਵਾਈ ਸੈਨਾ, ਜਲ ਸੈਨਾ, ਫੌਜ ਅਤੇ ਬੀਐਸਐਫ ਦੇ ਜਵਾਨ ਵੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।