ਪੀੜਤ ਕਿਸਾਨਾਂ ਨੇ ਰੱਖੀਆਂ ਮੰਗਾਂ
ਸੁਲਤਾਨਪੁਰ ਲੋਧੀ ਮੇਜਰ ਟਾਈਮਸ ਬਿਉਰੋ :
ਬੀਤੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਪੈਣ ਨਾਲ ਪੰਜਾਬ ਦੇ ਕਈ ਪਿੰਡਾਂ ਵਿਚ ਹੜ੍ਹ ਆ ਗਿਆ ਜਿਸ ਕਾਰਣ ਵੱਡੀ ਗਿਣਤੀ ਵਿਚ ਲਕਾਂ ਦੇ ਘਰ ਤਬਾਹ ਹੋ ਗਏ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਦਾ ਦੌਰਾ ਕੀਤਾ। ਬਾਅਦ ਦੁਪਹਿਰ ਬਾਊਪੁਰ ਪਹੁੰਚੇ ਅਰਵਿੰਦ ਕੇਜਰੀਵਾਲ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਵਾਇਤੀ ਸਿਆਸਤਦਾਨਾਂ ਤੋਂ ਹੱਟ ਕੇ ਨਵੀਂ ਪਿਰਤ ਪਾਈ। ਉਨ੍ਹਾਂ ਬਾਊਪੁਰ ਤੇ ਸਾਂਗਰਾ ਅਤੇ ਰਾਮਪੁਰ ਗੌਹਰਾ ਪਿੰਡਾਂ ਦੇ ਆਗੂਆਂ ਨੂੰ ਅਰਵਿੰਦ ਕੇਜਰੀਵਾਲ ਦੇ ਸਨਮੁੱਖ ਕੀਤਾ ਤਾਂ ਜੋ ਹੜ੍ਹਾਂ ਦੀ ਅਸਲ ਸਥਿਤੀ ਤੇ ਹੜ੍ਹ ਪੀੜਤਾਂ ਦੀਆਂ ਲੋੜਾਂ ਦਾ ਸਹੀ-ਸਹੀ ਪਤਾ ਲੱਗ ਸਕੇ।‘ਆਪ’ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੇ ਸਾਂਗਰਾ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਆਗੂਆਂ ਨੂੰ ਇਕ ਵਿਸ਼ੇਸ਼ ਕਿਸ਼ਤੀ ਰਾਹੀਂ ਪਿੰਡ ਸਾਂਗਰਾ ਭੇਜਿਆ ਗਿਆ। ਕੁਲਦੀਪ ਸਿੰਘ ਸਾਂਗਰਾ ਨੇ ਉਥੇ ਕੇਜਰੀਵਾਲ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਬਿਆਸ ਦਰਿਆ ਨੂੰ ਪੱਕਾ ਕਰ ਕੇ ਨਹਿਰ ਤਾਂ ਨਹੀਂ ਬਣਾ ਸਕਦੇ, ਇਸ ਲਈ ਦਰਿਆ ਨੂੰ ਦਰਿਆ ਹੀ ਰਹਿਣ ਦਿੱਤਾ ਜਾਵੇ ਤੇ ਇਸ ਦੇ ਹਿੱਸੇ ਦਾ ਪਾਣੀ ਵੱਗਦਾ ਰੱਖਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਗੱਲ ਦੁਹਰਾਈ ਕਿ ਮੰਡ ’ਚ ਕਿਸਾਨ ਦਰਿਆ ਦੀ ਜ਼ਮੀਨ ’ਤੇ ਨਹੀਂ ਬੈਠੇ ਸਗੋਂ ਦਰਿਆ ਕਿਸਾਨਾਂ ਦੀਆਂ ਜ਼ਮੀਨਾਂ ’ਚ ਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦਾ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾ ਦੇਣਗੇ। ਅਰਵਿੰਦ ਕੇਜਰੀਵਾਲ ਨੇ ਜਦੋਂ ਸੰਤ ਸੀਚੇਵਾਲ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ ਕਿ ਬਾਬਾ ਜੀ ਇਲਾਕੇ ’ਚ ਬਹੁਤ ਮੱਦਦ ਕਰ ਰਹੇ ਹਨ ਤਾਂ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਇਲਾਕੇ ਦੇ ਲੋਕ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬਤੌਰ ਐੱਮਪੀ ਵੱਜੋਂ ਨਹੀਂ ਸਗੋਂ ਇਹ ਇਲਾਕੇ ਦੇ ਮਾਈ-ਬਾਪ ਦੇ ਰੂਪ ਵਿਚ ਦੇਖਦੇ ਹਨ। ਉਨ੍ਹਾਂ ਕੇਜਰੀਵਾਲ ਨੂੰ ਦੱਸਿਆ ਕਿ ਮੰਡ ਇਲਾਕੇ ’ਚ 10 ਅਗਸਤ ਦੀ ਰਾਤ ਨੂੰ ਐਡਵਾਂਸ ਬੰਨ੍ਹ ਟੁੱਟ ਗਿਆ ਸੀ ਤੇ ਸੰਤ ਸੀਚੇਵਾਲ 11 ਅਗਸਤ ਨੂੰ ਮੋਟਰ ਬੋਟ ਤੇ ਵੱਡੀ ਐਕਸਾਵੇਟਰ ਮਸ਼ੀਨ ਲੈ ਕੇ ਪਹੁੰਚ ਗਏ ਸਨ। ਉਸ ਦਿਨ ਤੋਂ ਲੈ ਕੇ ਅੱਜ 24ਵੇਂ ਦਿਨ ਤੱਕ ਉਹ ਸਾਡੇ ਨਾਲ ਹੀ ਹਨ। ਉਨ੍ਹਾਂ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਖ਼ਰਾਬੇ ਦਾ ਮੁਆਵਜ਼ਾ ਪੰਜ ਏਕੜ ਤੱਕ ਸੀਮਤ ਨਾ ਕੀਤਾ ਜਾਵੇ, ਜਿਸ ਵੀ ਕਿਸਾਨ ਦੇ ਜਿੰਨੇ ਖੇਤ ਤਬਾਹ ਹੋਏ ਹਨ ਸਭ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਕਾਸ਼ਤਕਾਰ ਨੂੰ ਮਿਲੇ। ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਉਹ ਹੜ੍ਹ ਪੀੜਤਾਂ ਦੀ ਮੱਦਦ ਮਨੁੱਖਤਾ ਦੇ ਨਾਤੇ ਕਰ ਰਹੇ ਹਨ। ਇਸ ਕਾਰਜ ’ਚ ਕਿਸੇ ਵੀ ਰਾਜਸੀ ਧਿਰ ਨੂੰ ਸਿਆਸੀ ਲਾਭ ਦੇਖ ਕੇ ਨਹੀਂ ਸਗੋਂ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਧਿਆਨ ’ਚ ਰੱਖਕੇ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਐੱਨਆਰਆਈਜ਼ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਕਣਕ ਦੀ ਬਿਜਾਈ ਸਮੇ ਮੱਦਦ ਕਰਨ। ਇਹ ਮੱਦਦ ਖੇਤ ਵਹਾਉਣ ਲਈ ਡੀਜ਼ਲ, ਕਣਕ ਦੇ ਬੀਜ, ਖਾਦ; ਕੀਟਨਾਸ਼ਕ ਦਵਾਈਆਂ ਅਤੇ ਹੋਰ ਆਰਥਿਕ ਸਹਾਇਤਾ ਕੀਤੀ ਜਾ ਸਕਦੀ ਹੈ।