ਨਵੀਂ ਦਿੱਲੀ:
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੇ ਕਰੀਬ 24 ਘੰਟਿਆਂ ਦੇ ਦੌਰੇ ਦੌਰਾਨ ਸੁਰੱਖਿਆ ਏਜੰਸੀਆਂ ਵੱਲੋਂ ਜ਼ਮੀਨ ਦੇ ਨਾਲ-ਨਾਲ ਹਵਾਈ ਖੇਤਰ ’ਤੇ ਵੀ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਿਪੋਰਟਾਂ ਮੁਤਾਬਕ ਸ਼ੀ ਜਿਨਪਿੰਗ ਦੇ ਠਹਿਰਨ ਵਾਲੇ ਹੋਟਲ ਦੇ ਆਲੇ-ਦੁਆਲੇ ਕੁਝ ਸਮੇਂ ਲਈ ਨੋ-ਫਲਾਈ ਜ਼ੋਨ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡਰੋਨ, ਗੁਬਾਰੇ, ਲਾਊਡਸਪੀਕਰ ਜਾਂ ਹੋਰ ਘੱਟ ਉਚਾਈ ’ਤੇ ਉੱਡਣ ਵਾਲੀਆਂ ਵਸਤੂਆਂ ਰਾਹੀਂ ਕਿਸੇ ਸੰਭਾਵਿਤ ਖਤਰੇ ਨੂੰ ਰੋਕਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਰਸਾਇਣਕ ਤੇ ਰੇਡੀਏਸ਼ਨ ਖਤਰਿਆਂ ਦੀ ਵੀ ਜਾਂਚ
ਸੁਰੱਖਿਆ ਏਜੰਸੀਆਂ ਵੱਲੋਂ ਹੋਟਲ ਅਤੇ ਆਸ-ਪਾਸ ਦੇ ਇਲਾਕਿਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ। ਇਸ ਵਿੱਚ ਕੈਮੀਕਲ, ਬਾਇਓਲੋਜੀਕਲ, ਰੇਡੀਓਲਾਜੀਕਲ ਅਤੇ ਨਿਊਕਲੀਅਰ ਖਤਰਿਆਂ ਦੀ ਪਛਾਣ ਲਈ ਵਿਸ਼ੇਸ਼ ਜਾਂਚ ਵੀ ਸ਼ਾਮਲ ਹੋਵੇਗੀ। ਬੰਬ ਨਿਰੋਧਕ ਦਸਤੇ ਅਤੇ ਅੱਤਵਾਦ ਵਿਰੋਧੀ ਟੀਮਾਂ ਨੂੰ ਵੀ ਤਾਇਨਾਤ ਰੱਖਿਆ ਜਾਵੇਗਾ।
ਇਸ ਦੇ ਨਾਲ ਜ਼ਮੀਨ ਹੇਠਾਂ ਮੌਜੂਦ ਪਾਈਪਲਾਈਨ ਨੈੱਟਵਰਕ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਵੀ ਜਾਂਚ ਕੀਤੀ ਜਾਵੇਗੀ।
67 ਮੈਂਬਰੀ ਵਫ਼ਦ ਨਾਲ ਆਉਣਗੇ ਸ਼ੀ
ਸ਼ੀ ਜਿਨਪਿੰਗ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਲਗਭਗ 67 ਮੈਂਬਰਾਂ ਦਾ ਵਫ਼ਦ ਹੋਣ ਦੀ ਜਾਣਕਾਰੀ ਹੈ। ਇਸ ਵਿੱਚ ਚੀਨੀ ਸੀਨੀਅਰ ਅਧਿਕਾਰੀ, ਡਿਪਲੋਮੈਟ, ਸੁਰੱਖਿਆ ਕਰਮਚਾਰੀ ਅਤੇ ਮੈਡੀਕਲ ਸਟਾਫ਼ ਸ਼ਾਮਲ ਹੋਵੇਗਾ। ਚੀਨ ਵੱਲੋਂ ਰਾਸ਼ਟਰਪਤੀ ਦੀ ਸਰਕਾਰੀ ਕਾਰ, ਬੈਕਅੱਪ ਵਾਹਨ ਅਤੇ ਸੰਚਾਰ ਨਾਲ ਸਬੰਧਤ ਸਾਜ਼ੋ-ਸਾਮਾਨ ਸਮੇਤ ਕਈ ਜ਼ਰੂਰੀ ਚੀਜ਼ਾਂ ਪਹਿਲਾਂ ਹੀ ਭਾਰਤ ਭੇਜੀਆਂ ਗਈਆਂ ਹਨ।
ਸੰਚਾਰ ਉਪਕਰਨਾਂ ਅਤੇ ਹਥਿਆਰਾਂ ਲਈ ਨਿਯਮ
ਵਿਦੇਸ਼ੀ ਵਫ਼ਦਾਂ ਨੂੰ ਭਾਰਤ ਵਿੱਚ ਆਪਣੇ ਸੰਚਾਰ ਉਪਕਰਨ ਲਿਆਉਣ ਦੀ ਇਜਾਜ਼ਤ ਹੈ, ਪਰ ਇਸ ਲਈ ਸਬੰਧਤ ਵਿਭਾਗਾਂ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ। ਹਾਲਾਂਕਿ ਸੈਟੇਲਾਈਟ ਕਮਿਊਨੀਕੇਸ਼ਨ ਉਪਕਰਨਾਂ ’ਤੇ ਪਾਬੰਦੀਆਂ ਹਨ। ਹਥਿਆਰਾਂ ਅਤੇ ਹੋਰ ਸੁਰੱਖਿਆ ਉਪਕਰਨਾਂ ਨੂੰ ਲੈ ਕੇ ਵੀ ਭਾਰਤ ਦੇ ਨਿਰਧਾਰਤ ਨਿਯਮ ਲਾਗੂ ਹੋਣਗੇ।
ਪੀ.ਐਮ ਮੋਦੀ ਨਾਲ ਮੁਲਾਕਾਤ ਅਤੇ ਡਿਨਰ
ਦੌਰੇ ਦੌਰਾਨ ਸ਼ੀ ਜਿਨਪਿੰਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਪੱਖੀ ਮੁਲਾਕਾਤ ਹੋਣੀ ਹੈ। ਇਸ ਤੋਂ ਇਲਾਵਾ ਰੀ.ਐਮ ਮੋਦੀ ਵੱਲੋਂ ਉਨ੍ਹਾਂ ਲਈ ਸਟੇਟ ਡਿਨਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਚੀਨੀ ਪੱਖ ਵੱਲੋਂ ਭੋਜਨ ਨੂੰ ਲੈ ਕੇ ਵੀ ਵਿਸ਼ੇਸ਼ ਪ੍ਰਬੰਧਾਂ ਦੀ ਬੇਨਤੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨੀ ਸਟਾਫ਼ ਮੀਨੂ ਅਤੇ ਖਾਣੇ ਦੀ ਤਿਆਰੀ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਨਾਲ ਤਾਲਮੇਲ ਕਰੇਗਾ। ਸ਼ੀ ਜਿਨਪਿੰਗ ਦਾ ਭਾਰਤ ਦੌਰਾ ਕਰੀਬ 24 ਘੰਟਿਆਂ ਦਾ ਹੋਵੇਗਾ ਅਤੇ ਉਨ੍ਹਾਂ ਦੇ ਤੈਅ ਪ੍ਰੋਗਰਾਮ ਤੋਂ ਬਾਅਦ ਐਤਵਾਰ ਸਵੇਰੇ ਦਿੱਲੀ ਤੋਂ ਰਵਾਨਾ ਹੋਣ ਦੀ ਯੋਜਨਾ ਹੈ।
ਸ਼ੀ ਜਿਨਪਿੰਗ ਦੇ ਦਿੱਲੀ ਦੌਰੇ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ, ਜ਼ਮੀਨ ਤੋਂ ਆਸਮਾਨ ਤੱਕ ਰਹੇਗੀ ਨਿਗਰਾਨੀ
Leave a Comment
