ਅੰਮ੍ਰਿਤਸਰ :
ਅਮਰੀਕਾ ਗਏ ਇੱਥੋਂ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਸਰਹੱਦੀ ਪਿੰਡ ਭਿੰਡੀਸੈਦਾਂ ਦੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਗੁਰਜੰਟ ਸਿੰਘ (30) ਘਰ ਦੀ ਗ਼ਰੀਬੀ ਦੂਰ ਕਰਨ ਲਈ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਕੈਲੀਫੋਰਨੀਆ ਦੇ ਯੂਬਾ ਸਿਟੀ ਵਿਚ ਸਟੋਰ ’ਤੇ ਨੌਕਰੀ ਕਰਦਾ ਸੀ। ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਗੁਰਜੰਟ 2 ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਨੇ ਭਾਰਤ ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਮੰਗੀ ਹੈ ਕਿ ਗੁਰਜੰਟ ਦੀ ਦੇਹ ਪੰਜਾਬ ਲਿਆਂਦੀ ਜਾਵੇ।