ਵਾਸ਼ਿੰਗਟਨ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਵਿਭਾਗ ਦਾ ਨਾਂ ਬਦਲ ਕੇ ਜੰਗੀ ਵਿਭਾਗ ਕਰ ਦਿੱਤਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ। ਓਵਲ ਆਫਿਸ ’ਚ ਆਦੇਸ਼ ’ਤੇ ਦਸਤਖ਼ਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਹ ਇਕ ਬਹੁਤ ਹੀ ਮਹੱਤਵਪੂਰਨ ਬਦਲਾਅ ਹੈ, ਕਿਉਂਕਿ ਇਹ ਇਕ ਨਜ਼ਰੀਆ ਹੈ। ਇਹ ਅਸਲ ’ਚ ਜਿੱਤ ਦੇ ਬਾਰੇ ਹੈ। ਟਰੰਪ ਦਾ ਇਹ ਕਦਮ ਅਮਰੀਕੀ ਫ਼ੌਜ ਨੂੰ ਨਵਾਂ ਨਾਂ ਦੇਣ ਦੀ ਉਨ੍ਹਾਂ ਦੀ ਨਵੀਂ ਕੋਸ਼ਿਸ਼ ਦੀ ਨੁਮਾਇੰਦਗੀ ਕਰਦਾ ਹੈ, ਜਿਸ ਵਿਚ ਵਾਸ਼ਿੰਗਟਨ ਡੀਸੀ ਸ਼ਹਿਰ ’ਚ ਇਕ ਸ਼ਾਨਦਾਰ ਫ਼ੌਜੀ ਪਰੇਡ ਦੀ ਅਗਵਾਈ ਕਰਨਾ ਤੇ 2020 ’ਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬਦਲੇ ਗਏ ਫ਼ੌਜੀ ਟਿਕਾਣਿਆਂ ਦੇ ਮੂਲ ਨਾਵਾਂ ਨੂੰ ਬਹਾਲ ਕਰਨ ਦਾ ਉਨ੍ਹਾਂ ਦਾ ਫ਼ੈਸਲਾ ਸ਼ਾਮਲ ਹੈ। ਟਰੰਪ ਨੇ ਅਮਰੀਕੀ ਆਰਮਡ ਦਸਤਿਆਂ ਦੀ ਘਰੇਲੂ ਤਾਇਨਾਤੀ ਦੇ ਰਵਾਇਤੀ ਮਾਪਦੰਡਾਂ ਨੂੰ ਵੀ ਚੁਣੌਤੀ ਦਿੱਤੀ ਹੈ, ਉਨ੍ਹਾਂ ਨੇ ਇਮੀਗ੍ਰੇਸ਼ਨ ਕਾਰਵਾਈ ’ਚ ਮਦਦ ਲਈ ਮੈਕਸੀਕੋ ਦੇ ਨਾਲ ਦੱਖਣੀ ਅਮਰੀਕੀ ਸਰਹੱਦ ’ਤੇ ਫ਼ੌਜੀ ਖੇਤਰ ਬਣਾਏ। ਨਾਲ ਹੀ ਲਾਸ ਏਂਜਲਸ ਤੇ ਵਾਸ਼ਿੰਗਟਨ ਵਰਗੇ ਸ਼ਹਿਰਾਂ ’ਚ ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ। ਜੰਗੀ ਵਿਭਾਗ ਨਾਂ ਬਦਲੇ ਜਾਣ ’ਤੇ ਪੈਂਟਾਗਨ ਨੇ ਰੱਖਿਆ ਸਕੱਤਰ ਪੀਟ ਹੈਗਸੇਥ ਦੇ ਦਰਵਾਜ਼ੇ ’ਤੇ ਲੱਗੇ ਅਹੁਦੇ ਨੂੰ ਜੰਗੀ ਸਕੱਤਰ ਤੇ ਸਟੀਵ ਫਨਬਰਗ ਦੇ ਅਹੁਦੇ ਨੂੰ ਜੰਗੀ ਉਪ ਸਕੱਤਰ ਕਰ ਦਿੱਤਾ ਹੈ।