ਡੇਰਾ ਬਾਬਾ ਨਾਨਕ :
ਬੀਤੇ ਦਿਨੀਂ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਆਏ ਭਾਰੀ ਹੜ੍ਹ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਵਿਖੇ ਪੁੱਜੇ।ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਕਰਤਾਰਪੁਰ ਕੋਰੀਡੋਰ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਤਿੰਨ ਦਿਨ ਲਈ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਵਾਸਤੇ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਹੋਏ ਨੁਕਸਾਨ ਨੂੰ ਵੇਖ ਕੇ ਸਾਨੂੰ ਬੜਾ ਦੁੱਖ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਹੜ੍ਹ ਪੰਜਾਬ ਤੇ ਕੇਂਦਰ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ ਪਰ ਮੈਂ ਫਿਰ ਵੀ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਸਰਕਾਰ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਪਰ ਜੋ ਸੰਸਥਾਵਾਂ ਇਸ ਔਖੀ ਘੜੀ ਮੌਕੇ ਲੋਕਾਂ ਦਾ ਸਾਥ ਦੇ ਰਹੀਆਂ ਹਨ ਉਨ੍ਹਾਂ ਨੂੰ ਮੇਰਾ ਸਿਰ ਝੁੱਕਦਾ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਆਫਤਾਂ ਦੇ ਨਾਲ-ਨਾਲ ਸਰਕਾਰਾਂ ਵੱਲੋਂ ਦਿੱਤਾ ਹੋਇਆ ਤੋਹਫਾ ਹੈ। ਉਨ੍ਹਾਂ ਕਿਹਾ ਕਿ ਅੱਜ ਇੰਨਾ ਨੁਕਸਾਨ ਨਹੀਂ ਹੋਣਾ ਸੀ ਜੇਕਰ ਸਰਕਾਰਾਂ ਨੇ ਇਸ ਵੱਲ ਤਵੱਜੋ ਦਿੱਤੀ ਹੁੰਦੀ। ਇਸ ਮੌਕੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਜਸਬੀਰ ਸਿੰਘ ਡਿੰਪਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸੀਨੀਅਰ ਕਾਂਗਰਸੀ ਆਗੂ ਅਮਨਦੀਪ ਜੈਂਤੀਪੁਰ, ਉਦੇਵੀਰ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਕਾਂਗਰਸੀ ਆਗੂ ਦਵਿੰਦਰਪਾਲ ਪਾਲੀ ਬੇਦੀ, ਸਾਬਕਾ ਚੇਅਰਮੈਨ ਹਰਦੀਪ ਸਿੰਘ ਗੁਰਾਇਆ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ।