ਲੁਧਿਆਣਾ :
ਸੂਬੇ ਵਿਚ ਦਰਿਆਵਾਂ ਵਿਚ ਪਾਣੀ ਦਾ ਪੱਧਰ ਘਟਣ ਨਾਲ ਰਾਹਤ ਮਿਲੀ ਹੈ ਪਰ ਮੌਸਮ ਵਿਭਾਗ ਦੇ 12 ਸਤੰਬਰ ਤੱਕ ਮੀਂਹ ਹੋਣ ਦੇ ਅਲਰਟ ਨੇ ਚਿੰਤਾ ਵਧਾ ਦਿੱਤੀ ਹੈ। ਰਾਹਤ ਦੀ ਗੱਲ ਸਿਰਫ਼ ਏਨੀ ਹੈ ਕਿ ਹਿਮਾਲਚ ਵਿਚ ਘੱਟ ਮੀਂਹ ਕਾਰਨ ਸੂਬੇ ਦੇ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਘੱਟ ਹੋ ਰਿਹਾ ਹੈ। ਸੂਬੇ ਦੇ ਤਿੰਨ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਵਿਚ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ’ਚ ਵੀ ਕਮੀ ਆ ਰਹੀ ਹੈ ਪਰ ਸੂਬੇ ਵਿਚ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੂਬੇ ਦੇ 2,064 ਪਿੰਡ ਹੜ੍ਹ ਤੋਂ ਪ੍ਰਭਾਵਿਤ ਹਨ। 1.87 ਲੱਖ ਹੈਕਟੇਅਰ ਫ਼ਸਲ ਪ੍ਰਭਾਵਿਤ ਹੋਈ ਹੈ। ਹੜ੍ਹ ਪ੍ਰਭਾਵਿਤ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਹਾਲੇ ਵੀ ਪਾਣੀ ਭਰਿਆ ਹੈ। ਸੜਕਾਂ ’ਤੇ ਝੀਲ ਦੀ ਤਰ੍ਹਾਂ ਪਾਣੀ ਵਹਿ ਰਿਹਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਫ਼ਾਜ਼ਿਲਕਾ ਦੇ ਪਿੰਡ ਨੂਰਸ਼ਾਹ, ਦੋਨਾ ਨਾਨਕਾ ਵੀ ਪਾਣੀ ਵਿਚ ਡੁੱਬੇ ਹੋਏ ਹਨ। 12 ਪਿੰਡਾਂ ਨੂੰ ਜੋੜਨ ਵਾਲੇ ਕਾਂਵਾਂਵਾਲੀ ਪੁਲ ’ਤੇ ਵੀ ਹਾਲੇ ਤੇਜ਼ੀ ਨਾਲ ਪਾਣੀ ਵਹਿ ਰਿਹਾ ਹੈ। ਇਸ ਕਾਰਨ 12 ਪਿੰਡਾਂ ਦਾ ਸੰਪਰਕ ਆਪਸ ਵਿਚ ਟੁੱਟਾ ਹੋਇਆ ਹੈ। ਕਿਸ਼ਤੀਆਂ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਲੁਧਿਆਣਾ ਵਿਚ ਸਸਰਾਲੀ ’ਚ ਧੁੱਸੀ ਬੰਨ੍ਹ ਟੁੱਟਣ ਨਾਲ ਸਤਲੁਜ ਦਰਿਆ ਦੀ ਲਪੇਟ ਵਿਚ ਆਉਣ ਨਾਲ 15 ਏਕੜ ਜ਼ਮੀਨ ਦਰਿਆ ਵਿਚ ਮਿਲ ਗਈ। ਫ਼ਸਲ ਵੀ ਬਰਬਾਦ ਹੋ ਗਈ। ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਘੱਗਰ ਦਰਿਆ ਦੇ ਚੜ੍ਹਾਅ ’ਤੇ ਹੋਣ ਦੇ ਕਾਰਨ ਹੜ੍ਹ ਦਾ ਖ਼ਤਰਾ ਬਰਕਰਾਰ ਹੈ। ਸੋਮਵਾਰ ਨੂੰ ਸੂਬੇ ਵਿਚ ਵਿੱਦਿਅਕ ਅਦਾਰੇ ਖੁੱਲ੍ਹ ਗਏ ਪਰ ਜਿੱਥੇ ਹਾਲੇ ਹੜ੍ਹ ਦੇ ਹਾਲਾਤ ਹਨ ਉੱਥੇ ਸਕੂਲ ਹਾਲੇ ਬੰਦ ਰਹਿਣਗੇ।
ਡੈਮਾਂ ਦੀ ਸਥਿਤੀ
ਭਾਖੜਾ : ਕੁੱਲ ਸਮਰੱਥਾ 1,680 ਫੁੱਟ, ਮੌਜੂਦਾ ਪਾਣੀ ਦਾ ਪੱਧਰ 1,677.10 ਫੁੱਟ। ਛੱਡਿਆ ਜਾ ਰਿਹਾ ਪਾਣੀ 62,699 ਕਿਊਸਕ।
ਪੌਂਗ : ਕੁੱਲ ਸਮਰੱਥਾ 1,390 ਫੁੱਟ, ਮੌਜੂਦਾ ਪਾਣੀ ਦਾ ਪੱਧਰ 1,390.50 ਫੁੱਟ। ਛੱਡਿਆ ਜਾ ਰਿਹਾ ਪਾਣੀ 62,200 ਕਿਊਸਕ।
ਰਣਜੀਤ ਸਾਗਰ : ਕੁੱਲ ਸਮਰੱਥਾ 527 ਮੀਟਰ, ਮੌਜੂਦਾ ਪਾਣੀ ਦਾ ਪੱਧਰ 524.38 ਮੀਟਰ। ਛੱਡਿਆ ਜਾ ਰਿਹਾ ਪਾਣੀ 28,171 ਕਿਊਸਕ।