ਜਲੰਧਰ,
ਦੇਰ ਰਾਤ ਥਾਣਾ ਇੱਕ ਅਧੀਨ ਆਉਂਦੇ ਡੀਏਵੀ ਕਾਲਜ ਦੇ ਪੁਲ ਉੱਪਰ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਇੱਕ ਦੇ ਥਾਣੇਦਾਰ ਸ਼ਾਮ ਜੀ ਲਾਲ ਨੇ ਦੱਸਿਆ ਕਿ ਦੇਰ ਰਾਤ ਸੂਚਨਾ ਮਿਲਣ ’ਤੇ ਜਦੋਂ ਮੌਕੇ ’ਤੇ ਪੁੱਜੇ ਤਾਂ ਜਾਣਕਾਰੀ ਮਿਲੀ ਕਿ ਮਕਸੂਦਾਂ ਵੱਲੋਂ ਆਪਣੇ ਘਰ ਕਬੀਰ ਨਗਰ ਵੱਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀ ਨੂੰ ਟਰੱਕ ਚਾਲਕ ਵੱਲੋਂ ਟੱਕਰ ਮਾਰੇ ਜਾਣ ’ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਸੋਹਣ ਲਾਲ ਗਲੀ ਨੰਬਰ ਪੰਜ ਕਬੀਰ ਨਗਰ, ਜਲੰਧਰ ਵਜੋ ਹੋਈ ਹੈ। ਜਿਸ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ’ਚ ਭੇਜੀ ਗਈ ਹੈ। ਟਰੱਕ ਚਾਲਕ ਦੀ ਆਸ-ਪਾਸ ਦੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਭਾਲ ਕੀਤੀ ਜਾਵੇਗੀ।