ਕਲਾਨੌਰ :
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਤੇ ਜ਼ਿਲ੍ਹਾ ਸਪੋਰਟਸ ਵਿੰਗ ਦੇ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਕਾਹਲੋਂ ਵੱਲੋਂ ਆਪਣੇ ਸਾਰੇ ਅਹੁਦਿਆਂ ਤੋਂ ਤਿਆਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਹੈ। ਇਸ ਮੌਕੇ ਤੇ ਚੇਅਰਮੈਨ ਜਗਜੀਤ ਸਿੰਘ ਕਾਹਲੋ ਨੇ ਆਪਣੇ ਤਿਆਗ ਪੱਤਰ ਵਿੱਚ ਲਿਖਿਆ ਹੈ ਕਿ ਮੈਂ ਹੁਣ ਤੱਕ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ, ਪੰਜਾਬ ਦੇ ਲੋਕਾਂ ਦੀ ਭਲਾਈ ਲਈ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਰਪਿਤ ਕੀਤਾ। ਪਾਰਟੀ ਦੇ ਮੁੱਢਲੇ ਆਦਰਸ਼ ਸੱਚਾਈ, ਇਨਸਾਫ ਅਤੇ ਲੋਕਾਂ ਦੀ ਆਵਾਜ਼ ਬਣਨ ਤੇ ਪੂਰਾ ਵਿਸ਼ਵਾਸ ਰੱਖਦਿਆਂ ਮੈਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਲਈ ਸੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਵਰਗੇ ਅਹੁਦਿਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ।ਕਾਹਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਪੰਜਾਬ ਪ੍ਰਤੀ ਜੋ ਗਲਤ ਨੀਤੀਆਂ ਬਣਾਈਆਂ ਹਨ, ਉਹ ਸਾਡੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਨੌਜਵਾਨਾਂ ਦੇ ਹੱਕਾਂ ਨੂੰ ਖੋਖਲਾ ਕਰ ਰਹੀਆਂ ਹਨ। ਸਭ ਤੋਂ ਵੱਡੀ ਸੱਟ ਤਾਂ ਉਸ ਵੇਲੇ ਲੱਗੀ ਜਦੋਂ ਪੰਜਾਬ ਨੂੰ ਤਬਾਹ ਕਰਨ ਵਾਲੇ ਹੜ੍ਹ ਪੰਜਾਬ ਦੀ ਧਰਤੀ ਤੇ ਆਏ, ਲੋਕ ਖੁਦ ਬਚਾਅ ਲਈ ਤੜਫ਼ਦੇ ਰਹੇ। ਘਰ ਉਜੜ ਗਏ, ਖੇਤ ਡੁੱਬ ਗਏ, ਲੋਕਾਂ ਦੀਆਂ ਜਾਨਾਂ ਤਕ ਚਲੀਆਂ ਗਈਆਂ ਅਤੇ ਪੰਜਾਬ ਦੇ ਵਾਸੀਆਂ ਨੇ ਜਿਸ ਪਾਰਟੀ ਨੂੰ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਚੁਣਿਆ ਸੀ, ਉਹੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ। ਇਹ ਦ੍ਰਿਸ਼ ਦੇਖ ਕੇ ਮੇਰਾ ਜ਼ਮੀਰ ਮੈਨੂੰ ਇਸ ਸਰਕਾਰ ਤੇ ਇਸ ਪਾਰਟੀ ਦੇ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ।ਇਸ ਲਈ ਮੈਂ ਆਪਣੇ ਰੋਸ ਅਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਅੱਜ ਤੋਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ, ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਤੋਂ ਅਸਤੀਫਾ ਦਿੰਦਾ ਹਾਂ। ਚੇਅਰਮੈਨ ਜਗਜੀਤ ਸਿੰਘ ਨੇ ਕਿਹਾ ਕਿ ਮੇਰਾ ਇਹ ਕਦਮ ਲੋਕਾਂ ਦੇ ਦੁੱਖ ਦਰਦ ਨੂੰ ਆਵਾਜ਼ ਦੇਣ ਲਈ ਹੈ। ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨਾ ਮੇਰਾ ਫਰਜ਼ ਹੈ, ਜੋ ਅੱਗੇ ਵੀ ਨਿਭਾਉਂਦਾ ਰਹਾਂਗਾ।