ਵੱਡੀ ਗਿਣਤੀ ਵਿਚ ਪਹੁੰਚਿਆਂ ਸਿਆਸੀ ਹਸਤਿਆਂ
ਰਿਚੀ ਲਈ ਕੁੜੀ ਲੱਭ ਰਿਹਾ ਸੀ ਪਰਿਵਾਰ, ਧੀਆਂ ਦੀਆਂ ਝੋਲੀਆਂ ’ਚ ਸਿਹਰਾ ਪਾਉਂਦੇ ਸਮੇਂ ਬੇਸੁੱਧ ਹੋਏ ਕੇਪੀ
ਜਲੰਧਰ ਮੇਜਰ ਟਾਈਮਸ ਬਿਉਰੋ :
ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਸ਼ਨਿਚਰਵਾਰ ਰਾਤ ਨੂੰ ਮਾਡਲ ਟਾਊਨ ’ਚ ਤਿੰਨ ਕਾਰਾਂ ਦੇ ਹਾਦਸੇ ’ਚ ਮੌਤ ਹੋ ਗਈ। ਮੰਗਲਵਾਰ ਸਵੇਰੇ 10.30 ਵਜੇ ਸਸਕਾਰ ਤੋਂ ਪਹਿਲਾਂ ਅੰਤਿਮ ਰਸਮਾਂ ਦੌਰਾਨ, ਰਿਚੀ ਕੇਪੀ ਦੇ ਸਿਹਰਾ ਬੰਨਿਆ ਗਿਆ ਤੇ ਲਾਹੁਣ ਤੋਂ ਬਾਅਦ ਮਹਿੰਦਰ ਕੇਪੀ ਆਪਣੀ ਧੀ ਦੀ ਗੋਦ ’ਚ ਸਿਹਰਾ ਪਾਉਂਦੇ ਹੋਏ ਬੇਹੋਸ਼ ਹੋ ਗਏ। ਪਰਿਵਾਰ ਨੇ ਤੁਰੰਤ ਉਨ੍ਹਾਂ ਨੂੰ ਸਹਾਰਾ ਦਿੱਤਾ ਤੇ ਉਨ੍ਹਾ ਨੂੰ ਪੀਣ ਲਈ ਪਾਣੀ ਦਿੱਤਾ। ਘਰ ’ਚ ਅੰਤਿਮ ਰਸਮਾਂ ਦੌਰਾਨ ਭੈਣਾਂ ਤੇ ਪਰਿਵਾਰਕ ਮੈਂਬਰ ਰੋ ਪਏ ਤੇ ਕਿਹਾ ਕਿ ਰਿਚੀ ਦਾ ਪਰਿਵਾਰ ਅਕਸਰ ਉਸ ਦੇ ਵਿਆਹ ਬਾਰੇ ਗੱਲ ਕਰਦਾ ਸੀ, ਜਿਸ ਘਰ ’ਚ ਵਿਆਹ ਦੀਆਂ ਤਿਆਰੀਆਂ ਹੋਣੀਆਂ ਚਾਹੀਦੀਆਂ ਸਨ, ਉਸ ’ਚ ਸੋਗ ਫੈਲ ਗਿਆ, ਵਿਆਹ ਲਈ ਆਉਣ ਵਾਲੇ ਮਹਿਮਾਨ ਹੁਣ ਸੋਗ ’ਚ ਸ਼ਾਮਲ ਹੋ ਰਹੇ ਹਨ। ਅੰਤਿਮ ਰਸਮਾਂ ਤੋਂ ਬਾਅਦ ਘਰ ਛੱਡਣ ਵੇਲੇ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਪੁੱਤਰ ਦੀ ਅਰਥੀ ਨੂੰ ਮੋਢਾ ਕੀਤਾ। ਕੇਪੀ ਪਰਿਵਾਰ ਨੂੰ ਰੋਂਦੇ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ ਤੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਰਿਚੀ ਕੇਪੀ ਦੀ ਮ੍ਰਿਤਕ ਦੇਹ ਸਵੇਰੇ 11 ਵਜੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ’ਚ ਲਿਆਂਦੀ ਗਈ, ਜਿੱਥੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਆਪਣੇ ਪੁੱਤਰ ਦੀ ਚਿਤਾ ਨੂੰ ਅਗਨੀ ਦਿੱਤੀ। ਅਗਨੀ ਦਿੰਦੇ ਸਮੇਂ ਹਰ ਕੋਈ ਕੇਪੀ ਦੇ ਬਹੁਤ ਚੰਗੇ ਇਨਸਾਨ ਹੋਣ ਬਾਰੇ ਗੱਲ ਕਰ ਰਿਹਾ ਸੀ, ਉਹ ਉਸ ਨੂੰ ਕਈ ਸਾਲਾਂ ਤੋਂ ਜਾਣਦੇ ਸਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਕ ਅਜਿਹਾ ਦਿਨ ਆਵੇਗਾ ਜੋ ਸਾਰਿਆਂ ਨੂੰ ਰੁਆ ਦੇਵੇਗਾ। ਅੰਤਿਮ ਸੰਸਕਾਰ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਜੂਨੀਅਰ ਹੈਨਰੀ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਭਾਜਪਾ ਨੇਤਾ ਅਮਰਜੀਤ ਸਿੰਘ ਅਮਰੀ, ਡਿਪਟੀ ਮੇਅਰ ਮਲਕੀਤ ਸੁਭਾਨਾ, ਆਪ ਸੂਬਾ ਸਕੱਤਰ ਰੌਬਿਨ ਸਾਂਪਲਾ, ਆਪ ਨੇਤਾ ਪਵਨ ਕੁਮਾਰ ਟੀਨੂ, ਅਕਾਲੀ ਨੇਤਾ ਅੰਮ੍ਰਿਤਬੀਰ ਸਿੰਘ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਢੀਂਡਸਾ, ਯੂਥ ਅਕਾਲੀ ਦਲ ਦੇ ਨੇਤਾ ਅੰਮ੍ਰਿਤਬੀਰ ਸਿੰਘ ਤੇ ਕਈ ਹੋਰ ਸਿਆਸੀ ਚਿਹਰੇ ਤੇ ਨਾਲ ਹੀ ਸ਼ਹਿਰ ਦੇ ਲੋਕ ਮੌਜੂਦ ਸਨ, ਜਿਨ੍ਹਾਂ ਨੇ ਕੇਪੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।