ਤਰਨਤਾਰਨ :
ਜ਼ਿਲ੍ਹੇ ਦੇ ਸਰਹੱਦੀ ਪਿੰਡ ਆਸਲ ਉਤਾੜ ਕੋਲੋਂ ਪੁਲਿਸ ਨੇ ਇਕ ਨੌਜਵਾਨ ਨੂੰ ਡ੍ਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਆਏ ਦੋ ਪਿਸਤੌਲਾਂ ਸਣੇ ਕੁੱਲ ਤਿੰਨ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਆਸਟਰੀਆ ਦੇ ਬਣੇ ਉਕਤ ਪਿਸਤੌਲਾਂ ਤੋਂ ਇਲਾਵਾ 30 ਹਜ਼ਾਰ ਦੀ ਨਕਦੀ ਵੀ ਬਰਾਮਦ ਹੋਈ ਹੈ।ਕਾਬੂ ਕੀਤੇ ਨੌਜਵਾਨ ਵਿਰੁੱਧ ਥਾਣਾ ਵਲਟੋਹਾ ਵਿਖੇ ਅਸਲਾ ਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਿੱਖੀਵਿੰਡ ਵਿਖੇ ਪੱਤਰਕਾਰ ਮਿਲਣੀ ਦੌਰਾਨ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਵਲਟੋਹਾ ਦੇ ਏਐੱਸਆਈ ਬਖਸ਼ੀਸ਼ ਸਿੰਘ ਨੇ ਗਸ਼ਤ ਦੌਰਾਨ ਆਸਲ ਉਤਾੜ ਪਿੰਡ ਦੀ ਡਰੇਨ ਕੋਲੋਂ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਾੜੀ ਕੰਬੋਕੇ ਵਜੋਂ ਹੋਈ ਹੈ। ਉਕਤ ਨੌਜਵਾਨ ਕੋਲੋਂ ਆਸਟਰੀਆ ਦੇ ਬਣੇ ਦੋ ਗਲੋਕ ਪਿਸਤੌਲਾਂ ਸਣੇ ਮੈਗਜ਼ੀਨ ਤੇ ਇਕ 9 ਐੱਮਐੱਮ ਦਾ ਪਿਸਤੌਲ ਮਾਰਕ ਸਟਾਰ ਬਰਾਮਦ ਹੋਇਆ। ਜਦ ਕਿ ਇਕ ਕਾਰਤੂਸ ਤੇ 30 ਹਜ਼ਾਰ ਦੀ ਨਕਦੀ ਵੀ ਮਿਲੀ। ਅੰਮ੍ਰਿਤਪਾਲ ਸਿੰਘ ਸਰਹੱਦ ਪਾਰਲੀਆਂ ਗਤੀਵਿਧੀਆਂ ਨਾਲ ਜੁੜਿਆ ਹੋਇਆ ਸੀ ਤੇ ਡ੍ਰੋਨ ਦੀ ਮਦਦ ਨਾਲ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦਾ ਸੀ। ਉਸ ਨੇ ਉਕਤ ਹਥਿਆਰ ਡ੍ਰੋਨ ਦੀ ਮਦਦ ਨਾਲ ਹੀ ਸਰਹੱਦ ਪਾਰੋਂ ਮੰਗਵਾਏ ਸਨ, ਜਿਸ ਦੇ ਚੱਲਦਿਆਂ ਉਸ ਖ਼ਿਲਾਫ਼ ਅਸਲਾ ਐਕਟ ਨਾਲ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਵੀ ਕਾਰਵਾਈ ਕੀਤੀ ਗਈ ਹੈ। ਕਾਬੂ ਕੀਤੇ ਗਏ ਨੌਜਵਾਨ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ ਤੇ ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।